ਸ਼੍ਰੋਮਣੀ ਕਮੇਟੀ ਉਤੇ ਕਾਨੂੰਨ ਲਾਗੂ ਕਰਨਾ ਹੈ ਤਾਂ ਹਰ ਪੰਜ ਸਾਲ ਮਗਰੋਂ ਚੋਣਾਂ ਕਰਵਾਉ

ਖ਼ਬਰਾਂ, ਪੰਜਾਬ

ਅੰਮ੍ਰਿਤਸਰ: ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਸ਼ੁਮਾਰ ਸੰਘਰਸ਼ਾਂ ਬਾਅਦ ਹੋਂਦ ਵਿਚ ਆਈ, ਅੰਗਰੇਜ਼ ਨੇ ਅਥਾਹ ਜੁਲਮ ਸਿੱਖਾਂ ਤੇ ਕੀਤੇ, ਸਿੱਖਾਂ ਨੇ ਸ਼ਹੀਦੀਆਂ ਦਿਤੀਆਂ, ਘੋੜਿਆਂ ਦੀਆਂ ਟਾਪਾਂ ਛਾਤੀਆਂ ਤੇ ਖਾਧੀਆਂ। ਰੇਲਾਂ ਹੇਠ ਸਿੱਖ ਆਏ, ਜੰਡਾਂ ਹੇਠ ਸਿੱਖ ਸਾੜੇ ਗਏ।

ਅੰਤ ਵਿਚ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ ਜਿਸ ਨੇ ਸਿੱਖਾਂ ਦੀ ਮੰਗ ਮੰਨਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ 1925 'ਚ ਬਣਾਇਆ ਪਰ ਬੜਾ ਅਫ਼ਸੋਸ ਹੈ ਕਿ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਮਿਲੀਭੁਗਤ ਕਾਰਨ, ਇਸ ਦੀ ਚੋਣ ਪੰਜ ਸਾਲ ਬਾਅਦ ਨਹੀਂ ਹੋ ਰਹੀ ਤੇ ਚੋਣ ਕਮਿਸ਼ਨ ਅਜ਼ਾਦੀ ਨਾਲ ਫ਼ੈਸਲਾ ਕਰਨ 'ਚ ਅਸਮੱਰਥ ਰਿਹਾ ਹੈ। ਭਾਈ ਮੋਹਕਮ ਸਿੰਘ ਅਨੁਸਾਰ ਪੰਚਾਇਤਾਂ, ਕਾਲਜਾਂ, ਯੂਨੀਵਰਸਟੀਆਂ, ਬਲਾਕਾਂ, ਜ਼ਿਲ੍ਹਾ ਪ੍ਰੀਸ਼ਦ, ਨਗਰ ਨਿਗਮ, ਸੂਬਿਆਂ, ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ ਚੋਣ ਆਦਿ ਦੀ ਚੋਣ ਪੰਜ ਸਾਲ ਬਾਅਦ ਹੋ ਜਾਂਦੀ ਹੈ ਪਰ ਚੋਣ ਕਮਿਸ਼ਨ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਾਣ ਬੁੱਝ ਕੇ ਨਹੀਂ ਕਰਵਾਉਦੀ। ਉਨ੍ਹਾਂ ਦੀ ਮੰਗ ਹੈ ਕਿ ਦੂਸਰੀਆਂ ਚੋਣਾਂ ਵਾਂਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਈ ਜਾਵੇ।