'ਸੂਬਾ ਸਰਕਾਰ ਪੰਜਾਬੀ ਮਾਂ ਬੋਲੀ ਪ੍ਰਤੀ ਵਿਤਕਰੇ ਵਾਲੀ ਨੀਤੀ ਨੂੰ ਤੁਰਤ ਬੰਦ ਕਰੇ'

ਖ਼ਬਰਾਂ, ਪੰਜਾਬ

ਚੰਡੀਗੜ੍ਹ 4 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੇ ਕੀਤੇ ਜਾ ਰਹੇ ਘਾਣ ਦੀ ਕਰੜੀ ਆਲੋਚਨਾ ਕਰਦਿਆਂ ਸਰਕਾਰ ਨੂੰ ਫਿਰ ਜੋਰ ਦੇ ਕਿਹਾ ਕਿ ਸਰਕਾਰ ਪੰਜਾਬੀ ਮਾਂ ਬੋਲੀ ਪ੍ਰਤੀ ਵਿਤਕਰੇ ਵਾਲੀ ਨੀਤੀ ਨੂੰ ਤੁਰੰਤ ਬੰਦ ਕਰੇ।
ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰੀਕੇ ਸਰਕਾਰ ਵਲੋਂ ਬਿਨਾਂ ਜ਼ਮੀਨੀ ਹਕੀਕਤ ਨੂੰ ਸਮਝੇ ਸਰਕਾਰ ਸਕੂਲਾਂ ਵਿਚ ਅੰਗਰੇਜ਼ੀ ਮਾਧਿਅਮ ਲਾਗੂ ਕਰਨ ਦੇ ਐਲਾਨ ਕੀਤੇ ਜਾ ਰਹੇ ਹਨ ਉਸ ਤੋਂ ਇਸ ਗੱਲ ਦਾ ਪ੍ਰਗਟਾਵਾ ਹੁੰਦਾ ਹੈ ਕਿ ਸਰਕਾਰ ਦੀ ਸਿਖਿਆ ਪ੍ਰਤੀ ਸੋਚ ਦਿਸ਼ਾਹੀਣ ਅਤੇ ਭੰਬਲਭੂਸੇ ਵਾਲੀ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਪਹਿਲਾਂ 400 ਸਕੂਲਾਂ ਵਿਚ ਬਿਨਾ ਕਿਸੇ ਤਿਆਰੀ ਦੇ ਅੰਗਰੇਜ਼ੀ ਮਾਧਿਅਮ ਦੀਆਂ ਜਮਾਤਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ। ਪਰ ਇਸ ਵਾਸਤੇ ਇਕ ਵੀ ਵਾਧੂ ਅਧਿਆਪਕ ਜੋ ਕਿ ਅੰਗਰੇਜ਼ੀ ਮਾਧਿਅਮ ਪੜ੍ਹਾਉਣ ਦਾ ਤਜਰਬਾ ਰਖਦਾ ਹੋਵੇ ਭਰਤੀ ਨਹੀਂ ਕੀਤਾ ਗਿਆ।