ਸੁੱਚਾ ਸਿੰਘ ਲੰਗਾਹ ਹਾਈ ਕੋਰਟ ਦੀ ਸ਼ਰਨ ਵਿਚ

ਖ਼ਬਰਾਂ, ਪੰਜਾਬ

ਚੰਡੀਗੜ੍ਹ, 3 ਅਕਤੂਬਰ (ਨੀਲ ਭਲਿੰਦਰ ਸਿੰਘ): ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ  'ਸਾਬਕਾ' ਮੈਂਬਰ ਸੁੱਚਾ ਸਿੰਘ ਲੰਗਾਹ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਵਿਚ ਆ ਗਿਆ ਹੈ।

ਲੰਗਾਹ ਨੇ ਅਪਣੇ ਵਕੀਲ ਰਾਹੀਂ ਅਰਜ਼ੀ ਦਾਇਰ ਕਰਦੇ ਹੋਏ ਅਰਜ਼ੋਈ ਕੀਤੀ ਕਿ ਪੰਜਾਬ ਪੁਲਿਸ ਉਸ 'ਤੇ ਥਰਡ ਡਿਗਰੀ ਟਾਰਚਰ ਕਰ ਸਕਦੀ ਹੈ। ਇਸ ਤੋਂ ਬਚਣ ਲਈ ਉਹ ਸਿੱਧਾ ਗੁਰਦਾਸਪੁਰ ਅਦਾਲਤ ਵਿਚ ਆਤਮ ਸਮਰਪਣ ਕਰਨਾ ਚਾਹੁੰਦਾ ਹੈ ਜਿਸ ਵਾਸਤੇ ਉਸ ਨੂੰ ਪੇਸ਼ਗੀ ਜ਼ਮਾਨਤ/72 ਘੰਟਿਆਂ ਦੀ ਰਾਹਦਾਰੀ ਪੇਸ਼ਗੀ ਜ਼ਮਾਨਤ ਦਿਤੀ ਜਾਵੇ। ਉਮੀਦ ਕੀਤੀ ਜਾ ਰਹੀ ਹੈ ਕਿ ਹਾਈ ਕੋਰਟ ਕਲ-ਭਲਕ ਇਸ ਅਰਜ਼ੀ ਉਤੇ ਸੁਣਵਾਈ ਕਰ ਸਕਦੀ ਹੈ।

ਲੰਗਾਹ ਨੇ ਅਪਣੀ ਅਰਜ਼ੀ ਵਿਚ ਸਪਸ਼ਟ ਕਿਹਾ ਹੈ ਕਿ ਕਾਂਗਰਸੀ ਵਿਧਾਇਕ ਅਤੇ ਉਸ ਦੇ ਸਿਆਸੀ ਵਿਰੋਧੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਸ ਵਿਰੁਧ ਇਹ ਸਾਜ਼ਸ਼ ਰਚੀ ਹੈ ਤਾਂ ਜੋ ਹਾਲੀਆ ਗੁਰਦਾਸਪੁਰ ਜ਼ਿਮਨੀ ਲੋਕ ਸਭਾ ਚੋਣ ਵਿਚ ਸਿਆਸੀ ਲਾਹਾ ਖੱਟਿਆ ਜਾ ਸਕੇ ਅਤੇ ਉਸ ਦਾ ਸਿਆਸੀ ਜੀਵਨ ਤਬਾਹ ਕੀਤਾ ਜਾਵੇ।