ਸੁੱਚਾ ਸਿੰਘ ਲੰਗਾਹ ਵਿਰੁਧ ਸ਼੍ਰੋਮਣੀ ਕਮੇਟੀ ਨਿੰਦਾ ਪ੍ਰਸਤਾਵ ਪਾਸ ਕਰੇ : ਡਾ ਵੇਰਕਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ, 2 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕਾਂਗਰਸ ਦੇ ਸੀਨੀਅਰ ਆਗੂਆਂ ਡਾ ਰਾਜ ਕੁਮਾਰ ਵੇਰਕਾ, ਓਮ ਪ੍ਰਕਾਸ਼ ਸੋਨੀ, ਜੁਗਲ ਕਿਸ਼ੋਰ ਸ਼ਰਮਾ, ਭਗਵੰਤਪਾਲ ਸਿੰਘ ਸੱਚਰ, ਹਰਜਿੰਦਰ ਸਿੰਘ ਸਾਂਘਣਾ, ਮਾ ਹਰਪਾਲ ਸਿੰਘ ਵੇਰਕਾ, ਪ੍ਰੀਤਇੰਦਰ ਸਿੰਘ ਢਿੱਲੋ, ਗੁਰਦੇਵ ਸਿੰਘ ਝੀਤੇ, ਜਸਵਿੰਦਰ ਸਿੰਘ ਸ਼ੇਰਗਿੱਲ, ਬੂਆ ਸਿੰਘ ਸੰਧੂ ਤੇ ਹੋਰ ਆਗੂਆਂ ਮਹਾਂਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ।

 ਮਹਾਂਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰ ਨੂੰ ਵੱਖ ਵੱਖ ਥਾਵਾਂ ਤੇ ਉਕਤ ਆਗੂਆਂ ਸ਼ਰਧਾਂ ਦੇ ਫੁੱਲ ਭੇਟ ਕੀਤੇ ਗਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਰਾਜ ਕੁਮਾਰ ਵੇਰਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਚੋ ਕੱਢਣਾ ਹੀ ਕਾਫੀ ਨਹੀਂ, ਇਸ ਸਬੰਧੀ ਉਹ ਸਿਆਸੀ ਸਥਿਤੀ ਸਪੱਸ਼ਟ ਕਰਨ ਅਤੇ ਨੈਤਿਕ ਜੁੰਮੇਵਾਰੀ ਲੈਂਦਿਆਂ ਪਾਰਟੀ ਚੋ ਅਸਤੀਫਾ ਦੇਣ। ਡਾ ਵੇਰਕਾ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁੱਚਾ ਸਿੰਘ ਲੰਗਾਹ ਦੇ ਮੱਸਲੇ 'ਚ ਨਿੰਦਾ ਪਸਤਾਵ ਪਾਸ ਕਰਨਾ ਚਾਹੀਦਾ ਹੈ। ਉਨ੍ਹਾਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗ ਕੀਤੀ ਕਿ ਉਹ ਇਸ ਸਬੰਧੀ ਫੈਸਲਾ ਸੁਣਾਉਣ। ਡਾ ਵੇਰਕਾ ਨੇ ਦੋਸ਼ ਲਾਇਆ ਕਿ ਸੁੱਚਾ ਸਿੰਘ ਲੰਗਾਹ ਨੇ ਸਿਰੇ ਦਾ ਅਪਰਾਧ ਕੀਤਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਲੰਗਾਹ ਨੇ ਬਾਦਲ ਸਰਕਾਰ ਸਮੇਂ ਕਾਂਗਰਸੀਆਂ ਤੇ ਹੋਰ ਲੋਕਾਂ ਖਿਲਾਫ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਝੂਠੇ ਪਰਚੇ ਦਰਜ਼ ਕੀਤੇ।

ਨੌਜਵਾਨਾਂ ਨੂੰ ਡਰੱਗਜ਼ ਤੇ ਨਿਰਭਰ ਕੀਤਾ ਜਿਸ ਕਾਰਨ 2 ਲੱਖ ਗੱਭਰੂ ਜਾਨ ਤੋ ਹੱਥ ਧੋ ਬੈਠੇ। ਡਾ ਵੇਰਕਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਸੁੱਚਾ ਸਿੰਘ ਲੰਗਾਹ ਵੱਲੋਂ ਕੀਤੇ ਗਏ ਬਲਾਤਕਾਰ ਸਬੰਧੀ ਉਸ ਵਿਰੁਧ ਕੋਈ ਸ਼ਬਦ ਨਹੀਂ ਬੋਲਿਆ।