ਸੁਖਬੀਰ ਬਾਦਲ ਨੇ 'ਆਪ' ਨੂੰ ਖ਼ਤਮ ਕਰਨ ਦੀ ਘਡ਼ੀ ਰਣਨੀਤੀ! 15-20 ਦਿਨਾਂ 'ਚ ਵੱਡੇ ਧਮਾਕੇ ਦਾ ਐਲਾਨ

ਖ਼ਬਰਾਂ, ਪੰਜਾਬ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਆਉਣ ਵਾਲੇ 15-20 ਦਿਨਾਂ ਵਿੱਚ ਅਜਿਹਾ ਧਮਾਕਾ ਕਰਨਗੇ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚੋਂ ਹੀ ਖ਼ਤਮ ਹੋ ਜਾਵੇਗੀ। ਸੁਖਬੀਰ ਨੇ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਸਾਬਕਾ ਪ੍ਰਧਾਨ ਸਮੇਤ ਵੱਡੀ ਗਿਣਤੀ ਆਮ ਆਦਮੀ ਪਾਰਟੀ ਵਰਕਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਮਗਰੋਂ ਇਹ ਗੱਲ ਕਹੀ।

ਸੁਖਬੀਰ ਬਾਦਲ ਅੱਜ ਸ਼੍ਰੋਮਣੀ ਆਕਲੀ ਦਲ ਦੇ 97ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਅੰਮ੍ਰਿਤਸਰ ਆਏ ਹੋਏ ਸਨ। ਸਮਾਗਮ ਵਿੱਚ ਸ਼ਿਰਕਤ ਕਰਨ ਮਗਰੋਂ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਦਲ ਦੀ ਤਾਕਤ ਹੋਰ ਵਧੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਹ ਇੱਕ ਵੱਡਾ ਝਟਕਾ ਹੈ ਤੇ 15- 20 ਦਿਨਾਂ ਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਖ਼ਤਮ ਹੋਣ ਜਾ ਰਹੀ ਹੈ।

ਇਸ ਤੋਂ ਇਲਾਵਾ ਸੁਖਬੀਰ ਨੇ ਕਿਹਾ ਕਿ ਆਕਲੀ ਦਲ ਦਾ 100ਵਾਂ ਸਥਾਪਨਾ ਦਿਵਸ ਬਹੁਤ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਜਗਤਾਰ ਸਿੰਘ ਜੱਗੀ ਜੌਹਲ ਦੇ ਮਾਮਲੇ ਬਾਰੇ ਸੁਖਬੀਰ ਨੇ ਕਿਹਾ ਕਿ ਪਾਕਿਸਤਾਨ ਤੇ ਆਈ.ਐਸ.ਆਈ ਹਮੇਸ਼ਾਂ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦੀ ਫ਼ਿਰਾਕ ਵਿੱਚ ਰਹਿੰਦੇ ਹਨ। ਉਨ੍ਹਾਂ ਪੰਜਾਬ ਦੇ ਡੀਜੀਪੀ ਨੂੰ ਚੌਕਸ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਪਾਕਿਸਤਾਨ ਕਦੇ ਵੀ ਨਹੀਂ ਚਾਹੁੰਦਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ। ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਬੁਰੀ ਹਾਰ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਉਣ ਕਰਕੇ ਅਕਾਲੀ ਦਲ ਦਾ ਨੁਕਸਾਨ ਜ਼ਰੂਰ ਹੋਇਆ ਸੀ ਪਰ ਇਨ੍ਹਾਂ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਬੁਰਾ ਹਸ਼ਰ ਵੇਖਣ ਨੂੰ ਮਿਲੇਗਾ।

ਅਕਾਲੀ ਦਲ ਦੇ ਸਾਹਮਣੇ ਚੁਣੌਤੀਆਂ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਝੂਠੇ ਵਾਅਦਿਆਂ ਨੂੰ ਪੂਰਾ ਕਰਨ ਲਈ ਅਕਾਲੀ ਦਲ ਸਰਕਾਰ ‘ਤੇ ਦਬਾਅ ਬਣਾਵੇਗਾ ਤੇ ਦਲ ਨੂੰ ਪਿੰਡ ਪੱਧਰ ਤੱਕ ਜਾ ਕੇ ਮਜਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ 10 ਅਜਿਹੇ ਵਾਲੰਟੀਅਰ ਤਿਆਰ ਕੀਤੇ ਜਾਣਗੇ ਜੋ ਸਰਕਾਰ ਦੀ ਧੱਕੇਸ਼ਾਹੀ ਲਈ ਹਰ ਵੇਲੇ ਤਿਆਰ ਰਿਹਾ ਕਰਨਗੇ। ਬੀਤੇ ਦਿਨੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸੁਖਬੀਰ ਬਾਦਲ ਵਲੋਂ ਦਿੱਤੇ ਗਏ ਧਰਨੇ ਨੂੰ ਮਹਿਜ਼ ਡਰਾਮਾ ਕਹੇ ਜਾਣ ਦੇ ਸਵਾਲ ਬਾਰੇ ਸੁਖਬੀਰ ਨੇ ਥੈਂਕ ਯੂ ਕਿਹਾ ਤੇ ਪ੍ਰੈੱਸ ਕਾਨਫਰੰਸ ਸਮਾਪਤ ਕਰ ਕੇ ਚਲੇ ਗਏ।