ਚੰਡੀਗੜ੍ਹ, 31 ਅਕਤੂਬਰ (ਸਸਸ): ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਬਕਾ ਗੁਰਦਾਸਪੁਰ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ ਅਮਰਜੋਤ ਉੱਤੇ ਗੁਰਦਾਸਪੁਰ ਵਿਖੇ ਕੀਤੇ ਕਾਤਲਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਕਾਂਗਰਸ ਹਕੂਮਤ ਅਧੀਨ ਸਿਆਸੀ ਬਦਲਾਖ਼ੋਰੀ ਅਤੇ ਸਿਆਸੀ ਅਤੇ ਧਾਰਮਕ ਆਗੂਆਂ ਦੇ ਕਤਲਾਂ ਦੀਆਂ ਘਟਨਾਵਾਂ ਅਪਣੀ ਸਿਖਰ ਛੂਹ ਚੁੱਕੀਆਂ ਹਨ।
ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਆਗੂਆਂ ਅਤੇ ਉਨ੍ਹਾਂ ਦੇ ਪਰਵਾਰਾਂ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਸਾਬਕਾ ਵਿਧਾਇਕ ਦੇ ਬੇਟੇ ਅਮਰਜੋਤ ਅਤੇ ਦੋ ਹੋਰ ਵਿਅਕਤੀਆਂ ਨੂੰ ਬੱਬੇਹਾਲੀ ਪਿੰਡ ਵਿਚ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਐਸਜੀਪੀਸੀ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਦੇ ਬੇਟੇ ਪਰਮਿੰਦਰ ਉੱਤੇ ਵੀ ਕਾਂਗਰਸੀ ਵਰਕਰਾਂ ਨੇ ਇਸੇ ਤਰੀਕੇ ਨਾਲ ਹਮਲਾ ਕੀਤਾ ਸੀ।