ਸੁਖਬੀਰ ਸਿੰਘ ਬਾਦਲ ਅਤੇ ਵਿਧਾਇਕ ਬੈਂਸ 6 ਫ਼ਰਵਰੀ ਨੂੰ ਤਲਬ ਕੀਤੇ

ਖ਼ਬਰਾਂ, ਪੰਜਾਬ

ਚੰਡੀਗੜ੍ਹ, 23 ਜਨਵਰੀ (ਦਰਸ਼ਨ ਸਿੰਘ ਖੋਖਰ): ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ 6 ਫ਼ਰਵਰੀ ਨੂੰ ਤਲਬ ਕੀਤਾ ਹੈ। ਇਨ੍ਹਾਂ ਦੋਵਾਂ 'ਤੇ ਇਹ ਦੋਸ਼ ਹਨ ਕਿ ਜੂਨ 2017 ਨੂੰ ਹੋਏ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿਚ ਇਨ੍ਹਾਂ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਗੁਰਜੀਤ ਸਿੰਘ ਵਿਰੁਧ ਮਾੜੀ ਸ਼ਬਦਾਵਲੀ ਵਰਤੀ ਸੀ।ਵਿਧਾਨ ਸਭਾ ਦਾ ਇਹ ਇਜਲਾਸ ਕਾਫ਼ੀ ਹੰਗਾਮੇ ਭਰਪੂਰ ਸੀ। ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਭਾਜਪਾ ਗਠਜੋੜ ਇਹ ਕਹਿ ਰਹੀਆਂ ਸਨ ਕਿ ਕਿਸਾਨ ਕਰਜ਼ਾ, ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਮਾਮਲੇ ਬਾਰੇ ਬਹਿਸ ਕਰਵਾਈ ਜਾਵੇ ਜਦਕਿ ਸੱਤਾ ਧਿਰ ਇਹ ਕਹਿ ਰਹੀ ਸੀ ਕਿ ਅਜੇ ਤਾਂ ਨਵੀਂ ਸਰਕਾਰ ਹੁਣੇ ਹੀ ਬਣੀ ਹੈ। ਸਰਕਾਰ ਨੂੰ ਕੰਮ ਕਰਨ ਦਾ ਮੌਕਾ ਦਿਤਾ ਜਾਵੇ। ਸੱਤਾਧਾਰੀਆਂ ਨੇ ਵਿਰੋਧੀ ਧਿਰਾਂ ਨੂੰ ਬੋਲਣ ਦਾ ਮੌਕਾ ਨਹੀਂ ਸੀ ਦਿਤਾ ਗਿਆ ਜਿਸ ਕਾਰਨ ਵਿਰੋਧੀ ਧਿਰਾਂ ਨੇ ਹੰਗਾਮਾ ਖੜਾ ਕਰ ਦਿਤਾ ਸੀ। ਇਸੇ ਰੌਲੇ ਰੱਪੇ ਵਿਚ ਸਪੀਕਰ ਨੂੰ ਵੀ ਵਿਰੋਧੀ ਧਿਰਾਂ ਨੇ ਨਿਸ਼ਾਨਾ ਬਣਾ ਲਿਆ ਸੀ। ਵਿਧਾਨ ਸਭਾ ਬਜਟ ਇਜਲਾਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਪੀਕਰ ਰਾਣਾ ਕੇ ਪੀ ਸਿੰਘ ਵਿਰੁਧ ਨਾਹਰੇਬਾਜ਼ੀ ਕੀਤੀ ਸੀ। 

ਇਹ ਦੋਸ਼ ਵੀ ਹਨ ਕਿ ਮਾੜੇ ਵਿਅੰਗ ਵੀ ਕਸੇ ਗਏ ਸਨ। ਅਕਾਲੀ ਦਲ ਦੇ ਵਿਧਾਇਕ ਸਪੀਕਰ ਦੇ ਸਾਹਮਣੇ ਬੈਲ ਵਿਚ ਵੀ ਚਲੇ ਗਏ ਸਨ। ਕਾਂਗਰਸ ਨੇ ਮਰਿਆਦਾ ਉਲੰਘਣਾ ਦਾ ਮਤਾ ਪਾਸ ਕਰ ਕੇ ਵਿਸ਼ੇਸ਼ ਅਧਿਕਾਰ ਕਮੇਟੀ ਦੇ ਹਵਾਲੇ ਕਰ ਦਿਤਾ ਸੀ। ਇਸ ਕਮੇਟੀ ਦੇ ਚੇਅਰਮੈਨ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਹਨ। ਉਨ੍ਹਾਂ ਸੁਖਬੀਰ ਸਿੰਘ ਬਾਦਲ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਤਲਬ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਕਮੇਟੀ ਸਿਆਸੀ ਕਿੜਾਂ ਨੂੰ ਆਧਾਰ ਨਹੀਂ ਬਣਾਏਗੀ। ਤੱਥਾਂ ਦੇ ਆਧਾਰ 'ਤੇ ਮਰਿਆਦਾ ਬਹਾਲੀ ਲਈ ਯਤਨ ਕਰਦੀ ਰਹੇਗੀ।ਚਰਚਾ ਇਹ ਹੈ ਕਿ ਇਹ ਮਾਮਲਾ 6 ਮਹੀਨੇ ਤੋਂ ਇਸ ਕਾਰਨ ਲਟਕਿਆ ਹੋਇਆ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤੇ ਜਾਣ ਕਾਰਨ ਇਹ ਪ੍ਰਭਾਵ ਬਣਨਾ ਸੀ ਕਿ ਸੱਤਾਧਾਰੀ ਬਦਲੇ ਦੀ ਰਾਜਨੀਤੀ ਕਰ ਰਹੇ ਹਨ। ਪਰ ਹੁਣ ਪੰਜਾਬ ਕਾਂਗਰਸ ਜਦੋਂ ਖ਼ੁਦ ਹੀ  ਅੰਦਰੂਨੀ ਸੰਕਟਾਂ ਵਿਚ ਘਿਰੀ ਹੋਈ ਹੈ ਤਾਂ ਮਰਿਆਦਾ ਕਮੇਟੀ ਕਿਸੇ ਵੀ ਤਰ੍ਹਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਆਜ਼ਾਦ ਫ਼ੈਸਲੇ ਲੈਣ ਲੱਗ ਪਈ ਹੈ।