ਅੰਮ੍ਰਿਤਸਰ,
15 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ
ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ
ਸਿੱਧੂ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮੰਤਰਾਲੇ ਬਦਲਣ ਦੀ ਸਲਾਹ ਦਿਤੀ।
ਸੁਖਬੀਰ ਸਿੰਘ ਬਾਦਲ ਮੁਤਾਬਕ ਮਨਪ੍ਰੀਤ ਸਿੰਘ ਬਾਦਲ ਨੂੰ ਵਿੱਤ ਮੰਤਰਾਲੇ ਦੀ ਕੋਈ ਸਮਝ
ਨਹੀਂ ਹੈ, ਉਹ ਮੇਰਾ ਛੋਟਾ ਵੀਰ ਹੈ ਜੋ ਗਾਲਬ ਦੇ ਸ਼ੇਅਰ ਕਾਫ਼ੀ ਵਧੀਆ ਬੋਲ ਲੈਂਦਾ ਹੈ, ਇਸ
ਲਈ ਮਨਪ੍ਰੀਤ ਸਿੰਘ ਬਾਦਲ ਨੂੰ ਕਲਚਰ ਦਾ ਮਹਿਕਮਾ ਦੇਣਾ ਚਾਹੀਦਾ ਸੀ ਤਾਂ ਜੋ ਉਹ ਉਥੇ
ਗਾਲਬ ਜਾਂ ਕਿਸੇ ਹੋਰ ਦੇ ਸ਼ੇਅਰ ਸ਼ੂਅਰ ਬੋਲ ਕੇ ਕੰਮ ਸਾਰ ਲਿਆ ਕਰਦਾ।
ਨਵਜੋਤ ਸਿੰਘ
ਸਿੱਧੂ ਬਾਰੇ ਸੁਖਬੀਰ ਨੇ ਕਿਹਾ ਕਿ ਉਸ ਨੂੰ ਲਾਫ਼ਟਰ ਚੈਨਲ ਨਾਲ ਸਬੰਧਤ ਮਹਿਕਮੇ ਮਨੋਰੰਜਨ
ਦਾ ਦੇਣਾ ਚਾਹੀਦਾ ਸੀ। ਸਿੱਧੂ ਨੂੰ ਤਾਂ ਕੋਈ ਸਮਝ ਹੀ ਨਹੀਂ ਹੈ। ਗੁਰੂ ਨਗਰੀ ਅੰਮ੍ਰਿਤਸਰ
ਦੀ ਮੰਦੀ ਹਾਲਤ ਹੈ, ਸਫ਼ਾਈ ਦਾ ਕੋਈ ਪ੍ਰਬੰਧ ਨਹੀਂ। ਬਾਦਲ ਸਰਕਾਰ ਦੇ ਪ੍ਰਾਜੈਕਟ ਉਸ ਨੇ
ਬੰਦ ਕਰ ਦਿਤੇ। ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਜੋਗੇ ਪੈਸੇ ਨਹੀਂ ਹਨ। ਸ. ਬਾਦਲ ਨੇ ਸਿੱਧੂ
ਤੇ ਮਨਪ੍ਰੀਤ 'ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਇਹ ਬਾਦਲ ਪਰਵਾਰ ਨਾਲ ਨਿਜੀ ਦੁਸ਼ਮਣੀ ਕੱਢ
ਕੇ ਪੰਜਾਬ ਦਾ ਨੁਕਸਾਨ ਕਰ ਰਹੇ ਹਨ। ਸਿਆਸਤ ਵਿਚ ਡਰਾਮੇ ਤੇ ਭਾਸ਼ਨ ਕਲਾ ਬਾਜ਼ੀਆਂ ਨਾਲ
ਨਹੀਂ ਸਰਦਾ, ਕੁੱਝ ਕਰਨਾ ਪੈਂਦਾ ਹੈ।