ਸੁਖਬੀਰ ਤੇ ਹਰਸਿਮਰਤ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਖ਼ਬਰਾਂ, ਪੰਜਾਬ

ਅੰਮ੍ਰਿਤਸਰ, 26 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰ ਨੇ ਅੱਜ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਵਾਅਦਾ ਖ਼ਿਲਾਫ਼ੀਆਂ ਦੀ ਹਕੂਮਤ ਹੈ ਜਿਸ ਦੇ ਮੰਤਰੀ ਤੇ ਐਮਐਲਏ ਸਿਰੇ ਦੀ ਲੁੱਟ ਕਰ ਰਹੇ ਹਨ ਜਿਨ੍ਹਾਂ ਵੋਟਾਂ ਸਮੇਂ ਕੀਤੇ ਇਕਰਾਰ ਨੂੰ ਵਿਸਾਰ ਦਿਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਹਕੂਮਤ ਨੇ ਗੁੰਡਾ ਟੈਕਸ ਲਾਇਆ ਹੈ ਜਿਸ ਤੋਂ ਕਰੋੜਾਂ ਦੀ ਆਮਦਨ ਕਾਂਗਰਸੀ ਵਜ਼ੀਰਾਂ ਤੇ ਵਿਧਾਇਕਾਂ ਦੁਆਰਾ ਕਰ ਕੇ ਨਿਜੀ ਜੇਬਾਂ ਭਰੀਆਂ ਜਾ ਰਹੀਆਂ ਹਨ ਤੇ ਸਰਕਾਰੀ ਖਜ਼ਾਨੇ ਨੂੰ ਅਰਬਾਂ ਦਾ ਚੂਨਾ ਲੱਗ ਰਿਹਾ ਹੈ। 

ਪੋਲ ਖੋਲ੍ਹ ਰੈਲੀਆਂ 'ਚ ਲੋਕ ਕੈਪਟਨ ਸਰਕਾਰ ਤੇ ਗੁੱਸਾ ਕੱਢਣ ਲਈ ਵੱਡੀ ਗਿਣਤੀ 'ਚ ਪੁੱਜ ਰਹੇ ਹਨ ਜਿਸ ਦਾ ਸੰਕੇਤ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋਣਗੇ ਤੇ ਸ਼੍ਰੋਮਣੀ ਅਕਾਲੀ ਦਲ ਹੂੰਝਾ ਫੇਰ ਜਿੱਤ ਦਰਜ ਕਰੇਗਾ। ਬਾਦਲ ਜੋੜੀ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।  ਬਾਦਲ ਜੋੜੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਤੇ ਪਰਵਾਰਿਕ ਮੈਂਬਰਾਂ ਦਾ ਇੰਟਰਨੈੱਟ ਸਕੈਂਡਲ, ਸਿਟੀ ਸਕੈਂਡਲ, ਸਵਿਸ ਬੈਂਕ 'ਚ ਜਮ੍ਹਾਂ ਕਾਲੇ ਧਨ ਦਾ ਕੇਸ ਅਜੇ ਵੀ ਚਲ ਰਿਹਾ ਹੈ। ਕੈਪਟਨ ਦੇ ਕੁੜਮ ਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਸਿਰੇ ਦੇ ਘੁਟਾਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਭ੍ਰਿਸ਼ਟਾਚਾਰ ਦੀ ਜਨਮਦਾਤੀ ਹੈ। ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਸਿਰੇ ਦੇ ਦਲ ਬਦਲੂ ਹਨ।