ਚੰਡੀਗੜ੍ਹ, 10 ਜਨਵਰੀ (ਸਸਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੁਪਰੀਮ ਕੋਰਟ ਵਲੋਂ 1984 ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਉਨ੍ਹਾਂ 186 ਕੇਸਾਂ ਨੂੰ ਮੁੜ ਜਾਂਚ ਕਰਵਾਉਣ ਬਾਰੇ ਦਿਤੇ ਫ਼ੈਸਲੇ ਦਾ ਸਵਾਗਤ ਕੀਤਾ ਹੈ, ਜਿਨ੍ਹਾਂ ਨੂੰ ਐਸਆਈਟੀ ਵਲੋਂ ਬੰਦ ਕਰ ਦਿਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸੀ ਆਗੂਆਂ ਅਤੇ ਜਾਂਚ ਏਜੰਸੀਆਂ ਵਿਚਲੀ ਗੰਢਤੁਪ ਦੀ ਜਾਂਚ ਕਰਨ ਲਈ ਨਵੀਂ ਐਸਆਈਟੀ ਦੀ ਜਾਂਚ ਦਾ ਘੇਰਾ ਵੱਡਾ ਕਰਨ ਲਈ ਵੀ ਕਿਹਾ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 1984 ਕਤਲੇਆਮ ਦੌਰਾਨ ਦਿੱਲੀ ਅਤੇ ਮੁਲਕ ਦੇ 40 ਹੋਰ ਸ਼ਹਿਰਾਂ ਵਿਚ 8000 ਸਿੱਖਾਂ ਨੂੰ ਕਤਲ ਕੀਤਾ ਸੀ। ਇਸ ਭਿਆਨਕ ਕਤਲੇਆਮ ਦੇ ਪੀੜਤਾਂ ਨੂੰ ਕਾਂਗਰਸੀ ਆਗੂਆਂ ਅਤੇ ਜਾਂਚ ਏਜੰਸੀਆਂ ਵਿਚਲੀ ਗੰਢਤੁਪ ਕਰ ਕੇ ਪਿਛਲੇ 33 ਸਾਲ ਤੋਂ ਇਨਸਾਫ਼ ਨਹੀਂ ਮਿਲਿਆ।ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਲੋਂ ਬਣਾਈ ਨਵੀਂ ਐਸਆਈਟੀ ਨੂੰ ਦਿੱਲੀ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ ਦੀ ਕੰਮ ਕਾਜ ਦੀ ਜਾਂਚ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਜਾਣਬੁੱਝ ਕੇ ਕੁੱਝ ਆਗੂਆਂ ਵਿਰੁਧ ਕੇਸਾਂ ਨੂੰ ਕਮਜ਼ੋਰ ਕੀਤਾ ਸੀ।