ਫਾਜ਼ਿਲਕਾ: ਅਕਸਰ ਕਾਂਗਰਸ ਅਤੇ ਅਕਾਲੀ ਦਲ ਖਿਲਾਫ ਧਾਵਾ ਬੋਲਣ ਵਾਲੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੁਖਪਾਲ ਖਹਿਰਾ ਹੁਣ ਖੁਦ ਹੀ ਵਿਵਾਦਾਂ ਵਿਚ ਘਿਰ ਗਏ ਹਨ। ਖਹਿਰਾ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਫਾਜ਼ਿਲਕਾ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ।
ਮਿਲੀ ਜਾਣਕਾਰੀ ਮੁਤਾਬਕ ਖਹਿਰਾ ਨੂੰ ਇਹ ਸੰਮਨ ਇਕ ਪੁਰਾਣੇ ਮਾਮਲੇ ਵਿਚ ਜਾਰੀ ਕੀਤੇ ਗਏ ਹਨ। ਸਾਲ 2015 ਵਿਚ ਫਾਜ਼ਿਲਕਾ ਪੁਲਿਸ ਵਲੋਂ ਨਸ਼ਾ ਤਸਕਰੀ ਦੇ ਇਕ ਕੇਸ ਵਿਚ ਫੜੇ ਦੋਸ਼ੀਆਂ ਦੇ ਉਦੋਂ ਦੇ ਕਾਂਗਰਸ ਪਾਰਟੀ ਦੇ ਬੁਲਾਰੇ ਸੁਖਪਾਲ ਖਹਿਰਾ ਨਾਲ ਸੰਪਰਕ ਦੀਆਂ ਖਬਰਾਂ ਸਾਹਮਣੇ ਆਈਆਂ ਸਨ।
ਫਾਜ਼ਿਲਕਾ ਦੇ ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਜੋਸਨ ਦੀ ਅਦਾਲਤ ਵਿਚ ਧਾਰਾ 319 ਦੇ ਤਹਿਤ ਵਕੀਲ ਵਲੋਂ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਨੂੰ ਮਨਜ਼ੂਰ ਕਰਕੇ ਵਧੀਨ ਸੈਸ਼ਨ ਜੱਜ ਨੇ ਸੁਖਪਾਲ ਖਹਿਰਾ ਤੋਂ ਇਲਾਵਾ ਚਾਰ ਹੋਰਾਂ ਨੂੰ ਵੀ ਸੰਮਨ ਜਾਰੀ ਕੀਤਾ ਹੈ।