ਸੁਨੀਲ ਜਾਖੜ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ

ਖ਼ਬਰਾਂ, ਪੰਜਾਬ

ਗੁਰਦਾਸਪੁਰ, 21 ਸਤੰਬਰ (ਹੇਮੰਤ ਨੰਦਾ) : 11 ਅਕਤੂਬਰ ਨੂੰ ਹੋਣ ਵਾਲੀ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਲਈ ਕਾਂਗਰਸ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਿਆ ਗਿਆ ਹੈ। ਪੰਜਾਬ 'ਚ ਕਾਂਗਰਸ ਦੀ ਸਰਕਾਰ ਹੋਣ ਕਰ ਕੇ ਉਪ ਚੋਣ ਵਿਚ ਸੁਨੀਲ ਜਾਖੜ ਦਾ ਜਿੱਤਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। 22 ਸਤੰਬਰ ਨੂੰ ਸੁਨੀਲ ਜਾਖੜ ਲੋਕ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਕਾਗ਼ਜ਼ ਦਾਖਲ ਕਰਨ ਤੋਂ ਪਹਿਲਾਂ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ 7 'ਚ ਸੁਨੀਲ ਜਾਖੜ ਦੀ ਪ੍ਰਧਾਨਗੀ 'ਚ ਮਹਾਂਰੈਲੀ ਦਾ ਆਯੋਜਨ ਕੀਤਾ ਜਾਵੇਗਾ।
ਸੂਤਰਾਂ ਮੁਤਾਬਕ ਗੁਰਦਾਸਪੁਰ ਤੋਂ ਸੁਨੀਲ ਜਾਖੜ ਨੂੰ ਜਿੱਤ ਹਾਸਲ ਕਰਨ ਲਈ ਪ੍ਰਤਾਪ ਸਿੰਘ ਬਾਜਵਾ ਦਾ ਸਮਰਥਨ ਹਾਸਲ ਕਰਨਾ ਜ਼ਰੂਰੀ ਹੈ। ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਪਰਵਾਰ ਦੀ ਲੋਕ ਸਭਾ ਹਲਕੇ 'ਚ ਮਜ਼ਬੂਤ ਪਕੜ ਹੋਣ ਦੇ ਨਾਲ ਹੀ ਵਿਧਾਨ ਸਭਾ ਹਲਕਾ ਕਾਦੀਆਂ, ਫਤਿਹਗੜ੍ਹ ਚੂੜੀਆ, ਭੋਆ ਅਤੇ ਪਠਾਨਕੋਟ 'ਚ ਵੀ ਮਜ਼ਬੂਤ ਪਕੜ ਹੈ। 22 ਸਤੰਬਰ ਨੂੰ ਹੋਣ ਵਾਲੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰ ਦਿੱਗਜ਼ ਕਾਂਗਰਸੀ ਨੇਤਾ ਗੁਰਦਾਸਪੁਰ 'ਚ ਡੇਰੇ ਲਗਾ ਕੇ ਬੈਠ ਗਏ ਹਨ ਅਤੇ ਰੈਲੀ ਨੂੰ ਕਾਮਯਾਬ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।  
ਜ਼ਿਕਰਯੋਗ ਹੈ ਕਿ ਗੁਰਦਾਸਪੁਰ 'ਚ ਕੁੱਲ ਨੌ ਵਿਧਾਨਸਭਾ ਹਲਕਿਆਂ ਵਿਚੋਂ ਸੱਤਾ 'ਤੇ ਕਾਂਗਰਸ ਨੇ ਜਿੱਤ ਦਰਜ਼ ਕੀਤੀ ਹੋਈ ਹੈ ਅਤੇ ਸੱਤਾ ਵਿਚ ਵੀ ਕਾਂÎਗਰਸ ਕਾਬਜ਼ ਹੋਣ ਕਰ ਕੇ ਕਾਂਗਰਸ ਲਈ ਇਹ ਸੀਟ ਹਾਟ ਸੀਟ ਘੱਟ ਨਹੀਂ ਹੈ ਅਤੇ ਉਹ ਕਿਸੇ ਵੀ ਹਾਲ ਵਿਚ ਸੀਟ ਗਵਾਉਣਾ ਨਹੀਂ ਚਾਹੇਗੀ ਕਿਉਂਕਿ ਇਸ ਤੋਂ 2019 ਦਾ ਭਵਿੱਖ ਤੈਅ ਹੋਣਾ ਹੈ। ਪੁਲਿਸ ਪ੍ਰਸ਼ਾਸਨ ਵੀ ਸੁਰਖਿਆ ਨੂੰ ਲੈ ਕੇ ਕੋਈ ਢਿੱਲ ਨਹੀਂ ਵਰਤਣਾ ਚਾਹੁੰਦਾ ਹੈ।