ਸੁਨੀਲ ਜਾਖੜ ਦੀ ਕੈਪਟਨ ਨਾਲ ਬੈਠਕ 'ਪਾਰਟੀ ਦੇ ਅਹੁਦੇਦਾਰ ਮਹੀਨੇ 'ਚ ਤੈਅ ਕਰਾਂਗੇ'

ਖ਼ਬਰਾਂ, ਪੰਜਾਬ

ਚੰਡੀਗੜ੍ਹ, 25 ਜਨਵਰੀ (ਜੀ.ਸੀ. ਭਾਰਦਵਾਜ) : ਪਿਛਲੇ ਹਫ਼ਤੇ ਨਵੀਂ ਦਿੱਲੀਂ 'ਚ ਪਾਰਟੀ ਹਾਈ ਕਮਾਨ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਕੀਤੀ ਅਹਿਮ ਬੈਠਕ ਮਗਰੋਂ ਦਿਤੇ ਨਿਰਦੇਸ਼ਾਂ ਉਪਰੰਤ ਪੰਜਾਬ 'ਚ ਦੋ ਤਿਹਾਈ ਬਹੁਮਤ ਵਾਲੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਹੋਰ ਵਧੀਆ ਬਣਾਉਣ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਨੂੰ ਤਿਆਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ, ਆਸ਼ਾ ਕੁਮਾਰੀ ਤੇ ਹਰੀਸ਼ ਚੌਧਰੀ ਨਾਲ ਅਹਿਮ ਬੈਠਕ ਕੀਤੀ।ਪੌਣਾ ਘੰਟਾ ਚਲੀ ਇਸ ਮੀਟਿੰਗ 'ਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨਾਲ ਖੁਲ੍ਹ ਕੇ ਹਾਂ-ਪੱਖੀ ਤੇ ਨਾਂਹ-ਪੱਖੀ ਅਫ਼ਸਰਸ਼ਾਹੀ ਅਤੇ ਸਿਆਸੀ ਨੇਤਾਵਾਂ ਦੇ ਵਤੀਰੇ ਬਾਰੇ ਚਰਚਾ ਕੀਤੀ।ਦਰਅਸਲ, ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਸਿਰਫ਼ ਸੋਚ ਹੀ ਨਹੀਂ ਰਹੇ, ਸਗੋਂ ਪੂਰਾ ਵਿਸ਼ਵਾਸ ਕਰੀਂ ਬੈਠੇ ਹਨ ਕਿ ਜਿਵੇਂ ਪੰਜਾਬ 'ਚ 10 ਸਾਲਾਂ ਮਗਰੋਂ ਤਿਕੋਣੇ ਮੁਕਾਬਲੇ 'ਚ ਕਾਂਗਰਸ ਪੁਨਰਜੀਵਤ ਹੋਈ ਹੈ, ਉਵੇਂ ਹੀ ਇਹ ਜੇਤੂ ਹਵਾ 2019 ਦੀਆਂ ਲੋਕ ਸਭਾ ਚੋਣਾਂ 'ਚ ਮੋਦੀ ਸਰਕਾਰ ਨੂੰ ਹਲੂਣਾ ਦੇ ਕੇ ਕਾਂਗਰਸ ਨੂੰ ਬਹੁਮਤ ਦਿਵਾ ਸਕਦੀ ਹੈ। 'ਰੋਜ਼ਾਨਾ ਸਪੋਕਸਮੈਨ' ਵਲੋਂ ਸੰਪਰਕ ਕਰਨ 'ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਦਸਿਆ ਕਿ ਇਸ ਮਹੱਤਵਪੂਰਨ ਬੈਠਕ 'ਚ ਭਾਵੇਂ ਕਈ ਹੋਰ ਮੁੱਦੇ ਵਿਚਾਰੇ ਗਏ, ਪਰ ਜ਼ਿਆਦਾਤਰ ਪਾਰਟੀ ਵਰਕਰਾਂ ਨੂੰ ਮਜ਼ਬੂਤ ਕਰਨ, ਪਿੰਡ-ਕਸਬਾ ਪੱਧਰ 'ਤੇ ਸਹਿਯੋਗ ਦੇਣ ਅਤੇ ਕਾਂਗਰਸੀ ਵਿਧਾਇਕਾਂ ਤੇ ਹੋਰ ਨੇਤਾਵਾਂ ਵਲੋਂ ਦਿਤੇ ਫੀਡਬੈਕ ਨੂੰ ਵੀ ਗੰਭੀਰਤਾ ਨਾਲ ਪਰਖਣ 'ਤੇ ਜ਼ੋਰ ਦਿਤਾ। ਸੁਨੀਲ ਜਾਖੜ ਅਨੁਸਾਰ ਫ਼ਰਵਰੀ ਮਹੀਨੇ 'ਚ ਹੀ ਜ਼ਿਲ੍ਹਾ, ਬਲਾਕ ਅਤੇ ਸੂਬਾ ਪੱਧਰ 'ਤੇ ਅਹੁਦੇਦਾਰੀਆਂ ਸਬੰਧੀ ਫ਼ੈਸਲਾ ਕਰ ਲਿਆ ਜਾਵੇਗਾ।

ਇਹ ਵੀ ਪਤਾ ਲੱਗਾ ਹੈ ਕਿ ਮੰਤਰੀ ਮੰਡਲ ਦੀ ਬੈਠਕ ਤੋਂ ਪਹਿਲਾਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਈ ਇਸ ਮੀਟਿੰਗ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਬਾਰੇ ਵੀ ਚਰਚਾ ਹੋਈ। ਪਿਛਲੇ 11 ਮਹੀਨਿਆਂ ਦੌਰਾਨ ਸਿੱਧੂ ਵਲੋਂ ਕੀਤੀਬਿਆਨਬਾਜ਼ੀ, ਪਾਰਟੀ ਜ਼ਾਬਤੇ ਦੀ ਉਲੰਘਣਾ, ਮੇਅਰਾਂ ਦੀ ਚੋਣ ਨੂੰ ਲੈ ਕੇ ਬੇਤੁਕੀ ਭੜਾਸ ਕੱਢਣ ਅਤੇ ਹੋਰ ਘਟਨਾਵਾਂ ਨੂੰ ਲੈ ਕੇ ਸੁਲਝੇ ਹੋਏ ਸਿਆਸੀ ਨੇਤਾ ਦਾ ਕਿਰਦਾਰ ਨਾ ਨਿਭਾਉਣ ਵਲ ਵੀ ਇਸ਼ਾਰਾ ਕੀਤਾ।ਵਿਰੋਧੀ ਧਿਰ 'ਆਪ' ਅਤੇ ਅਕਾਲੀ-ਭਾਜਪਾ ਗਠਜੋੜ ਦੇ ਕੁਲ 40 ਮਜ਼ਬੂਤ ਵਿਧਾਇਕਾਂ ਦੇ ਹੁੰਦਿਆਂ ਉਨ੍ਹਾਂ ਵਲੋਂ ਕਾਂਗਰਸ ਸਰਕਾਰ ਦੇ ਲਏ ਕਈ ਫ਼ੈਸਲਿਆਂ 'ਤੇ ਕਿੰਤੂ-ਪ੍ਰੰਤੂ ਕਰਨ ਅਤੇ ਸੂਬੇ ਅੰਦਰ ਕਿਸਾਨ ਜਥੇਬੰਦੀਆਂ ਤੇ ਪੀੜਤ ਬਿਜਲੀ ਕਰਮਚਾਰੀਆਂ ਨੂੰ ਹੁਸ਼ਕੇਰਾ ਦੇਣ ਤੋਂ ਪ੍ਰਭਾਵਤ ਮਾਹੌਲ ਦੇ ਚਲਦਿਆਂ ਇਹ ਕਾਂਗਰਸ ਸਰਕਾਰ ਥੋੜਾ ਘਬਰਾਈ ਹੋਈ ਹੈ। ਉਤੋਂ ਰਾਣਾ ਗੁਰਜੀਤ ਸਿੰਘ ਨੂੰ ਵਜ਼ਾਰਤ 'ਚੋਂ ਹਟਾਉਣ, ਰਾਹੁਲ ਗਾਂਧੀ ਵਲੋਂ ਫਿਲਹਾਲ ਮੰਤਰੀ ਮੰਡਲ ਦਾ ਵਿਸਥਾਰ ਟਾਲਣ, ਹਾਈ ਕੋਰਟ ਰਾਹੀਂ ਤਜ਼ਰਬੇਕਾਰ, ਯੋਗ ਤੇ ਈਮਾਨਦਾਰ ਸੇਵਾਮੁਕਤ ਸੀਨੀਅਰ ਅਧਿਕਾਰੀ ਸੁਰੇਸ਼ ਕੁਮਾਰ ਨੂੰ ਹਟਾਉਣ ਅਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਬਾਗ਼ੀ ਸੁਰਾਂ ਤੋਂ ਕੈਪਟਨ ਸਰਕਾਰ ਨੂੰ ਲੱਗੇ ਝਟਕੇ ਨਾਲ ਪਿਛਲੇ ਦਿਨੀਂ ਕਈ ਕੀਤੇ ਵਧੀਆ ਕੰਮ ਵੀ ਅਣਗੋਲੇ ਗਏ ਹਨ।ਉਂਜ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤ ਦੀ ਸਥਾਪਤੀ ਦੇ ਨਾਲ ਹੀ ਸਿੱਧੂ ਨੂੰ ਬਹੁਤ ਵਧੀਆ ਮਹਿਕਮਾ ਨਾ ਦੇ ਕੇ, ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਇਨਕਾਰ ਕਰ ਕੇ, ਸਿੱਧੂ ਦੀ ਨਾਰਾਜ਼ਗੀ ਦੀ ਪ੍ਰਵਾਹ ਨਾ ਕਰ ਕੇ ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨ ਹਟਾ ਦਿਤੇ। ਡਰੱਗਜ਼ ਮਾਮਲੇ 'ਚ ਸਿੱਧੂ ਦੀ ਇੱਛਾ ਕਿ ਮਜੀਠੀਆ-ਸੁਖਬੀਰ ਨੂੰ ਜੇਲ 'ਚ ਸੁੱਟੋ ਨੂੰ ਠੁਕਰਾਅ ਕੇ ਪਟਿਆਲਾਸ਼ਾਹੀ ਸਖ਼ਤ ਵਤੀਰੇ ਦਾ ਇਸ਼ਾਰਾ ਕੀਤਾ ਹੈ। 

ਪਰ ਹੁਣ ਇਸ ਨਾਜ਼ੁਕ ਤੇ ਅਹਿਮ ਪਾਰਟੀ ਬੈਠਕ 'ਚ ਇਨ੍ਹਾਂ ਚਾਰ ਵੱਡੇ ਲੀਡਰਾਂ ਨੇ ਸਿੱਧੂ ਵਰਗੇ ਬੜਬੋਲੇ ਕਾਂਗਰਸੀਆਂ ਨੂੰ ਸਖ਼ਤ ਸੰਦੇਸ਼ ਦਿਤਾ ਹੈ ਕਿ ਪਾਰਟੀ ਅਨੁਸ਼ਾਸਨ ਬਹੁਤ ਜ਼ਰੂਰੀ ਹੈ।ਅੰਮ੍ਰਿਤਸਰ ਦੇ ਮੇਅਰ ਅਤੇ ਹੋਰ ਅਹੁਦਿਆਂ ਦੀ ਚੋਣ ਮੌਕੇ ਸਿੱਧੂ ਨਾਲ ਲਾਬੀ ਕਰਦੇ 15 ਕਾਂਗਰਸੀ ਕੌਂਸਲਰਾਂ ਨੂੰ ਨੋਟਿਸ ਦੇ ਕੇ ਪਾਰਟੀ ਕੰਟਰੋਲਰਾਂ ਅਤੇ ਮੁੱਖ ਮੰਤਰੀ ਨੇ ਅਨੁਸ਼ਾਸਨ ਪ੍ਰਤੀ ਸਖ਼ਤ ਰਵੱਈਏ ਦਾ ਸੰਦੇਸ਼ ਵੀ ਦਿਤਾ ਹੈ। ਆਉਂਦੇ ਬਜਟ ਸੈਸ਼ਨ 'ਚ ਵਜ਼ੀਰਾਂ ਸਮੇਤ ਬਾਕੀ ਸੱਤਾਧਾਰੀ ਵਿਧਾਇਕਾਂ ਨੂੰ ਵੀ ਪਾਰਟੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਰੋਧੀ ਬੈਂਚਾਂ ਪ੍ਰਤੀ ਸਖ਼ਤ ਰੁੱਖ ਅਪਣਾਉਣ ਲਈ ਰਣਨੀਤੀ ਤਿਆਰ ਕਰਨ ਲਈ ਕਿਹਾ ਗਿਆ ਹੈ। ਮਈ 2019 ਦੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਦੀਆਂ ਕੁਲ 13 ਸੀਟਾਂ 'ਚੋਂ ਮੌਜੂਦ ਸਿਰਫ਼ 4 ਯਾਨੀ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਗੁਰਦਾਸਪੁਰ ਤੋਂ ਕ੍ਰਮਵਾਰ ਰਵਨੀਤ ਸਿੰਘ ਬਿੱਟੂ, ਔਜਲਾ, ਸੰਤੋਖ ਚੌਧਰੀ ਤੇ ਜਾਖੜ ਦੇ ਕਾਮਯਾਬ ਮੈਂਬਰ ਹਨ। ਕਾਂਗਰਸ ਦਾ ਟੀਚਾ ਹੈ ਕਿ ਸੂਬੇ 'ਚ ਅਪਣੀ ਸਰਕਾਰ ਦੇ ਹੁੰਦਿਆਂ 13 'ਚੋਂ ਘੱਟੋ-ਘੱਟ 10 ਜਾਂ 11 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਜਾਵੇ। ਬਾਕੀ 9 ਸੀਟਾਂ 'ਚੋਂ 4 'ਆਪ' ਕੋਲ ਹਨ। ਇਕ ਭਾਜਪਾ ਕੋਲ ਅਤੇ 4 ਅਕਾਲੀ ਦਲ ਦੀਆਂ ਹਨ।