ਸੁਨੀਲ ਜਾਖੜ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੂੰ ਮਿਲੇ

ਖ਼ਬਰਾਂ, ਪੰਜਾਬ

ਚੰਡੀਗੜ੍ਹ, 4 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕੇਂਦਰੀ ਕਾਮਰਸ ਤੇ ਇੰਡਸਟਰੀ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਸਨਮੁੱਖ ਪੰਜਾਬ ਦੀਆਂ ਉਦਯੋਗ ਖੇਤਰ ਨਾਲ ਸਬੰਧਤ ਮੁਸ਼ਕਲਾਂ ਰੱਖੀਆਂ ਹਨ ਤਾਂ ਜੋ ਇਸ ਸਰਹੱਦੀ ਰਾਜ ਵਿਚ ਉਦਯੋਗਿਕ ਕ੍ਰਾਂਤੀ ਲਿਆਂਦੀ ਜਾ ਸਕੇ।ਸ੍ਰੀ ਜਾਖੜ ਨੇ ਸੁਰੇਸ਼ ਪ੍ਰਭੂ ਨੂੰ ਮੁਕਲਾਤ ਦੌਰਾਨ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਨਵੀਂ ਉਦਯੋਗ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੂਬਾ ਸਰਕਾਰ ਵਲੋਂ ਉਦਯੋਗ ਪੱਖੀ ਨੀਤੀ ਲਾਗੂ ਕੀਤੀ ਗਈ ਹੈ ਤਾਂ ਜੋ ਰਾਜ ਵਿਚ ਉਦਯੋਗਾਂ ਦਾ ਵਿਕਾਸ ਕੀਤਾ ਜਾ ਸਕੇ। ਸ੍ਰੀ ਜਾਖੜ ਨੇ ਹੋਰ ਦਸਿਆ ਕਿ ਅੰਤਰ ਰਾਸ਼ਟਰੀ ਸਰਹੱਦ ਦੇ 30 ਕਿਲੋਮੀਟਰ ਦੇ ਘੇਰੇ ਵਿਚ ਉਦਯੋਗਾਂ ਲਈ ਰਾਜ ਸਰਕਾਰ ਵਲੋਂ ਹੋਰ ਵਧੇਰੇ ਛੋਟਾਂ ਦਿਤੀਆਂ ਗਈਆਂ ਹਨ ਅਤੇ ਇਸ ਖੇਤਰ ਵਿਚ ਪਹਿਲਾਂ ਉਦਯੋਗ ਲਗਾਉਣ ਤੇ ਸੀ.ਐਲ.ਯੂ. ਅਤੇ ਈ.ਡੀ.ਐਸ. ਚਾਰਜਿਜ਼ ਤੋਂ ਛੋਟ ਦੇ ਦਿਤੀ ਗਈ ਹੈ। ਸ੍ਰੀ ਜਾਖੜ ਨੇ ਕਿਹਾ ਕਿ ਬੇਸ਼ਕ ਰਾਜ ਸਰਕਾਰ ਵਲੋਂ ਉਦਯੋਗਾਂ ਲਈ ਵੱਡੇ ਉਪਰਾਲੇ ਕੀਤੇ ਹਨ ਅਤੇ ਵੱਡੇ ਉਦਯੋਗਿਕ ਘਰਾਣੇ ਪੰਜਾਬ ਵਿਚ ਨਿਵੇਸ਼ ਲਈ ਅੱਗੇ ਵੀ ਆ ਰਹੇ ਹਨ। ਪਰ ਸੂਬੇ ਨੂੰ ਕੇਂਦਰ ਸਰਕਾਰ ਦੇ ਹੋਰ ਸਹਿਯੋਗ ਦੀ ਜ਼ਰੂਰਤ ਹੈ। ਸ੍ਰੀ ਜਾਖੜ ਨੇ ਕਿਹਾ ਕਿ ਸਰਹੱਦੀ ਇਲਾਕੇ ਵਿਚ ਲੱਗਣ ਵਾਲੇ ਉਦਯੋਗ ਨੂੰ ਕੇਂਦਰ ਸਰਕਾਰ ਵੀ ਕੁੱਝ ਟੈਕਸ ਛੋਟਾਂ ਦੇਵੇ ਤਾਂ ਜੋ ਸਰਹੱਦੀ ਖੇਤਰਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿਤੀ ਜਾ ਸਕੇ।

 ਸ੍ਰੀ ਜਾਖੜ ਨੇ ਕੇਂਦਰੀ ਮੰਤਰੀ ਸਾਹਮਣੇ ਅਪਣੇ ਲੋਕ ਸਭਾ ਹਲਕੇ ਗੁਰਦਾਸਪੁਰ ਦੇ ਉਦਯੋਗਿਕ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਪਠਾਨਕੋਟ ਅਤੇ ਗੁਰਦਾਸਪੁਰ ਦੋਨੋਂ ਹੀ ਸਰਹੱਦੀ ਜ਼ਿਲ੍ਹੇ ਹਨ ਅਤੇ ਇਥੇ ਕੇਂਦਰ ਸਰਕਾਰ ਕੋਈ ਵੱਡਾ ਸਨਅਤੀ ਪ੍ਰਾਜੈਕਟ ਲਗਾਵੇ ਤਾਂ ਜੋ ਨੋਜਵਾਨਾਂ ਨੂੰ ਰੁਜਗਾਰ ਦੇ ਨਵੇਂ ਮੌਕੇ ਮਿਲ ਸਕੇ। ਉਨ੍ਹਾਂ ਨੇ ਗੁਰਦਾਸਪੁਰ ਤੇ ਬਟਾਲਾ ਦੀਆਂ ਸਨਅਤਾਂ ਦੇ ਮੁੱਦੇ ਵੀ ਕੇਂਦਰੀ ਮੰਤਰੀ ਦੇ ਧਿਆਨ ਵਿਚ ਲਿਆਂਦੇ ਤੇ ਗੁਰਦਾਸਪੁਰ, ਬਟਾਲਾ ਤੇ ਪਠਾਨਕੋਟ ਵਿਚ ਇੰਡਸਟਰੀ ਦੀ ਸਥਾਪਨਾ ਦੀ ਮੰਗ ਵੀ ਰੱਖੀ।ਇਸ ਤੋਂ ਬਿਨ੍ਹਾਂ ਸ੍ਰੀ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਤੋਂ ਵੀ ਸੂਬੇ ਦੇ ਉਦਯੋਗਾਂ ਨੂੰ ਪ੍ਰਫੁਲਿਤ ਕਰਨ ਲਈ ਮਦਦ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਬਠਿੰਡਾ ਵਿਚ ਤੇਲ ਸੋਧਕ ਕਾਰਖਾਨਾ ਲਗਾਇਆ ਗਿਆ ਹੈ ਜਿਸ ਦੇ ਨਾਲ ਪੈਟ੍ਰੋ ਕੈਮੀਕਲ ਇੰਡਸਟਰੀ ਲਈ ਬਹੁਤ ਸੰਭਾਵਨਾਵਾਂਹਨ। ਉਨ੍ਹਾਂ ਮੰਗ ਰੱਖੀ ਕਿ ਬਠਿੰਡਾ ਦੇ ਇਸ ਤੇਲ ਸੋਧਕ ਕਾਰਖਾਨੇ ਦੇ ਨਾਲ ਸਪੈਸ਼ਲ ਪੈਟ੍ਰੋ ਕੈਮੀਕਲ ਜ਼ੋਨ ਦੇ ਲਾਭ ਜੇਕਰ ਕੇਂਦਰ ਸਰਕਾਰ ਦੇਵੇ ਤਾਂ ਇਹ ਪੰਜਾਬ ਦੇ ਮਾਲਵਾ ਖਿੱਤੇ ਦੇ ਨਾਲ-ਨਾਲ ਨਾਲ ਲੱਗਦੇ ਹਰਿਆਣਾ ਅਤੇ ਰਾਜਸਥਾਨ ਲਈ ਵੀ ਅਸਿੱਧੇ ਤੌਰ ਤੇ ਲਾਭਕਾਰੀ ਹੋਵੇਗਾ। ਇਸੇ ਤਰਾਂ ਸ੍ਰੀ ਜਾਖੜ ਨੇ ਕਪੂਰਥਲਾ ਵਿਖੇ ਬਣੀ ਰੇਲ ਕੋਚ ਫੈਕਟਰੀ ਅਤੇ ਪਟਿਆਲਾ ਵਿਚ ਰੇਲ ਡੀਜ਼ਲ ਇੰਜਨ ਕਾਰਖਾਨਿਆਂ ਨੂੰ ਹੋਰ ਅਪਗ੍ਰੇਡ ਕਰਨ ਦੀ ਮੰਗ ਵੀ ਕੀਤੀ। ਸ੍ਰੀ ਜਾਖੜ ਨੇ ਸੂਬੇ ਵਿਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਵਿਚ ਕਾਟਨ ਇੰਡਸਟਰੀ ਨੂੰ ਜੀ.ਐਸ.ਟੀ. ਛੋਟਾਂ ਦੇਣ ਦੀ ਮੰਗ ਵੀ ਕੇਂਦਰੀ ਮੰਤਰੀ ਅੱਗੇ ਰੱਖੀ। ਇਸੇ ਤਰ੍ਹਾਂ ਉਨ੍ਹਾਂ ਨੇ ਪੰਜਾਬ ਦੀ ਬਾਸਮਤੀ ਜਿਸ ਨੂੰ ਜੀ.ਆਈ. ਟੈਗ ਵੀ ਮਿਲੀ ਹੋਈ, ਦੇ ਨਿਰਯਾਤ ਨੂੰ ਉਤਸਾਹਿਤ ਕਰਨ ਤੇ ਛੋਟੇ ਨਿਰਯਾਤਕਾਂ ਦੇ ਹਿਤਾਂ ਦੀ ਰਾਖੀ ਦਾ ਮੁੱਦਾ ਵੀ ਕੇਂਦਰੀ ਮੰਤਰੀ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਦਸਿਆ ਕਿ ਇਸ ਵਾਰ ਬਾਸਮਤੀ ਦਾ ਉਤਪਾਦਨ ਦੇਸ਼ ਵਿਚ ਘੱਟ ਹੈ ਅਤੇ ਦੁਨੀਆਂ ਵਿਚ ਮੰਗ ਚੰਗੀ ਹੈ। ਅਜਿਹੇ ਵਿਚ ਜੇਕਰ ਘੱਟੋ-ਘੱਟ ਨਿਰਯਾਤ ਭਾਅ ਸਰਕਾਰ ਤੈਅ ਕਰ ਦੇਵੇ ਤਾਂ ਦੇਸ਼ ਦੀ ਬਾਸਮਤੀ ਇੰਡਸਟਰੀ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਲਾਭ ਹੋ ਸਕਦਾ ਹੈ।