ਨਵੀਂ ਦਿੱਲੀ, 10 ਜਨਵਰੀ (ਸੁਖਰਾਜ ਸਿੰਘ): ਦਿੱਲੀ ਦੇ ਵਿਧਾਇਕ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੁਪਰੀਮ ਕੋਰਟ ਵਲੋਂ 1984 ਦੇ ਸਿੱਖ ਨਸਲਕੁਸ਼ੀ ਨਾਲ ਸਬੰਧਤ 186 ਕੇਸਾਂ ਦੀ ਨਵੇਂ ਸਿਰੇ ਤੋਂ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਹੈ ਕਿ ਆਖ਼ਰਕਾਰ ਸਚਾਈ ਦੀ ਜਿੱਤ ਹੋਵੇਗੀ ਤੇ ਲੰਮੇ ਸਮੇਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਸਿੱਖਾਂ ਨੂੰ ਨਿਆਂ ਮਿਲੇਗਾ। ਸਿਰਸਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਸਾਬਤ ਕਰ ਦਿਤਾ ਹੈ ਕਿ ਸਿੱਖ ਵਿਰੋਧੀ ਤਾਕਤਾਂ ਵਲੋਂ ਇਹ ਕੇਸ ਖ਼ੁਰਦ-ਬੁਰਦ ਕਰਨ ਦੇ ਯਤਨ ਕੀਤੇ ਗਏ ਤਾਕਿ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ
ਸਮੇਤ ਕਈ ਕਾਂਗਰਸੀ ਆਗੂਆਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਇਨ੍ਹਾਂ ਕੇਸਾਂ ਦੇ ਪੀੜਤਾਂ ਲਈ ਨਿਆਂ ਹਾਸਲ ਕਰਨ ਲਈ ਯਤਨ ਕੀਤੇ ਹਨ ਤੇ ਹਰਸਿਮਰਤ ਕੌਰ ਬਾਦਲ ਸਮੇਤ ਪਾਰਟੀ ਦੇ ਮੈਂਬਰ ਪਾਰਲੀਮੈਂਟ ਇਹ ਮਾਮਲਾ ਕਈ ਵਾਰ ਸੰਸਦ ਵਿਚ ਉਠਾ ਚੁੱਕੇ ਹਨ ਜਦਕਿ ਉਨ੍ਹਾਂ ਖ਼ੁਦ ਇਹ ਮਸਲਾ ਕਈ ਵਾਰ ਦਿੱਲੀ ਵਿਧਾਨ ਸਭਾ ਵਿਚ ਉਠਾਇਆ ਹੈ।