ਸੁਤੰਤਰਤਾ ਸੈਨਾਨੀ ਦੇ ਪੋਤਰੇ ਨੇ ਕੀਤੀ ਖੁਦਕੁਸ਼ੀ, 30 ਲੱਖ ਦਾ ਕਰਜ਼ਾਈ ਸੀ ਕਿਸਾਨ

ਖ਼ਬਰਾਂ, ਪੰਜਾਬ

ਫ਼ਰੀਦਕੋਟ, 9 ਜਨਵਰੀ - (ਬੀ.ਐੱਸ.ਢਿੱਲੋਂ) - ਪੰਜਾਬ ਸਰਕਾਰ ਦੀ ਕਰਜਾ ਮੁਆਫ਼ੀ ਮੁਹਿੰਮ ਤੋਂ ਅਗਲੇ ਦਿਨ ਪਿੰਡ ਚਹਿਲ ਦੇ ਇਕ ਕਰਜ਼ਈ ਕਿਸਾਨ ਅਤੇ ਸੁਤੰਤਰਤਾ ਸੰਗਰਾਮੀ ਊਧਮ ਸਿੰਘ ਸੰਧੂ ਦੇ ਪੋਤਰੇ ਗੁਰਦੇਵ ਸਿੰਘ ਨੇ ਅੱਜ ਆਪਣੇ ਖੇਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਦਰਮਿਆਨੀ ਕਿਸਾਨੀ ਨਾਲ ਸੰਬੰਧਤ ਸੀ ਅਤੇ ਉਸ ਨੇ 30 ਲੱਖ ਰੁਪਏ ਬੈਂਕਾਂ ਅਤੇ ਆੜਤੀਆਂ ਦਾ ਕਰਜਾ ਦੇਣਾ ਸੀ। 

ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ ਅਤੇ ਇੱਕ ਦਿਨ ਪਹਿਲਾਂ ਉਹ ਬਿਨਾਂ ਦੱਸਿਆਂ ਘਰੋਂ ਚਲਾ ਗਿਆ ਅਤੇ ਅੱਜ ਉਸ ਦੀ ਮੋਟਰ ਦੇ ਖੂਹ ’ਚੋਂ ਫੰਦੇ ਨਾਲ ਲਟਕਦੀ ਲਾਸ਼ ਮਿਲੀ। ਗੁਰਦੇਵ ਸਿੰਘ ਦੇ ਕਰੀਬੀ ਰਿਸ਼ਤੇਦਾਰ ਜੋਰਾ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ ਕਰਜੇ ਦੇ ਬੋਝ ਕਾਰਨ ਪ੍ਰੇਸ਼ਾਨ ਸੀ। ਜਿਲਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।