ਨਵੀਂ ਦਿੱਲੀ: 8 ਫ਼ਰਵਰੀ (ਅਮਨਦੀਪ ਸਿੰਘ): ਸਿੱਖ ਕਤਲੇਆਮ ਬਾਰੇ ਅਕਾਲੀਆਂ ਵਲੋਂ ਟਾਈਟਲਰ ਵਿਰੁਧ ਕੀਤੇ ਜਾ ਰਹੇ ਦਾਅਵਿਆਂ 'ਤੇ ਟਿਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਚਾਹੀਦਾ ਹੈ ਕਿ ਉਹ ਟਾਈਟਲਰ ਵਿਰੁਧ ਸਾਹਮਣੇ ਆਏ ਅਖੌਤੀ ਵੀਡੀਉ ਸਬੂਤ ਦੇ ਆਧਾਰ 'ਤੇ ਉਸ ਨੂੰ ਜੇਲ ਭਿਜਵਾਉਣਾ ਯਕੀਨੀ ਬਣਾਉਣ ਜਾਂ ਫਿਰ ਸਿਆਸਤ ਤੋਂ ਕਿਨਾਰਾ ਕਰ ਲੈਣ।ਉਨ੍ਹਾਂ ਕਿਹਾ ਕਿ ਅਕਾਲੀ ਦਲ ਕੇਂਦਰ ਵਿਚਲੀ ਮੋਦੀ ਸਰਕਾਰ ਦਾ ਭਾਈਵਾਲ ਹੈ ਜਿਸ ਅਧੀਨ ਦਿੱਲੀ ਪੁਲਿਸ ਆਉਂਦੀ ਹੈ। ਇਸ ਲਈ ਅਕਾਲੀਆਂ ਨੂੰ ਚਾਹੀਦਾ ਹੈ ਕਿ ਉਹ ਭਾਜਪਾ ਦੀ ਮਦਦ ਨਾਲ ਸਿੱਖ ਕਤਲੇਆਮ ਦੇ ਮਾਮਲੇ ਵਿਚ
ਟਾਈਟਲਰ ਨੂੰ ਜੇਲ ਭੇਜਣਾ ਯਕੀਨੀ ਬਣਾਉਣ ਜੇ ਅਜਿਹਾ ਨਹੀਂ ਹੁੰਦਾ ਤਾਂ ਬਾਦਲ ਦਲ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਲਵੇ। ਵਿਦੇਸ਼ ਦੌਰੇ 'ਤੇ ਫ਼ਰੈਂਕਫਰਟ, ਜਰਮਨੀ ਗਏ ਹੋਏ ਸ. ਸਰਨਾ ਵਲੋਂ ਜਾਰੀ ਬਿਆਨ 'ਚ ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਵਲੋਂ ਜੋ ਗੁਪਤ ਵੀਡੀਉ ਟੁਕੜੇ ਜਾਰੀ ਕੀਤੇ ਗਏ ਹਨ, ਉਸ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਕੀ ਉਹ ਸਬੂਤ ਪੁਖਤਾ ਹਨ ਜਾਂ ਨਹੀਂ ਜਾਂ ਫਿਰ ਅਦਾਲਤ ਵਿਚ ਮੰਨੇ ਜਾਣਗੇ ਜਾਂ ਨਹੀਂ ਪਰ ਜੇ ਹੁਣ ਵੀ ਬਾਦਲ ਪਿਉ ਪੁੱਤਰ ਅਤੇ ਦਿੱਲੀ ਗੁਰਦਵਾਰਾ ਕਮੇਟੀ ਵਿਚ ਬੈਠੇ ਬਾਦਲ ਦਲ ਅਹੁਦੇਦਾਰ ਪੀੜਤਾਂ ਨੂੰ ਇਨਸਾਫ਼ ਦਿਵਾਉਣ ਵਿਚ ਕਾਮਯਾਬ ਨਹੀਂ ਹੁੰਦੇ ਤਾਂ ਇਨ੍ਹਾਂ ਲਈ ਬੜੀ ਸ਼ਰਮ ਦੀ ਗੱਲ ਹੋਵੇਗੀ।