ਟਾਈਟਲਰ ਨੂੰ ਤੁਰਤ ਗ੍ਰਿਫ਼ਤਾਰ ਕੀਤਾ ਜਾਵੇ : ਹਰਸਿਮਰਤ ਕੌਰ ਬਾਦਲ

ਖ਼ਬਰਾਂ, ਪੰਜਾਬ

ਨਵੀਂ ਦਿੱਲੀ, 8 ਫ਼ਰਵਰੀ (ਅਮਨਦੀਪ ਸਿੰਘ): ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਅੱਜ ਇਕ ਉੱਚ ਪਧਰੀ ਵਫ਼ਦ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰ ਕੇ, ਮੰਗ ਕੀਤੀ ਕਿ ਸਿੱਖ ਕਤਲੇਆਮ ਦੇ ਮੁਖ ਦੋਸ਼ੀ ਜਗਦੀਸ਼ ਟਾਈਟਲਰ, ਬਾਰੇ ਅਖੌਤੀ ਗੁਪਤ ਵੀਡੀਉ ਸਾਹਮਣੇ ਆਉਣ ਪਿਛੋਂ ਉਸ 'ਤੇ ਤੁਰਤ ਐਫਆਈਆਰ ਦਰਜ ਕਰ ਕੇ, ਗ੍ਰਿਫਤਾਰ ਕੀਤਾ ਜਾਵੇ।ਵਫ਼ਦ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਐਮਪੀ ਸ.ਸੁਖਦੇਵ ਸਿੰਘ ਢੀਂਡਸਾ, ਨਰੇਸ ਗੁਜਰਾਲ, ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਸ.ਬਲਵਿੰਦਰ ਸਿੰਘ ਭੂੰਦੜ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਸ਼ਾਮਲ ਸਨ। ਵਫ਼ਦ ਨੇ ਅੁਰਣ ਜੇਤਲੀ ਤੋਂ ਮੰਗ ਕੀਤੀ ਅਖੌਤੀ ਵੀਡੀਉ ਦੇ ਆਧਾਰ 'ਤੇ ਜਿਸ ਵਿਚ ਟਾਈਟਲਰ 100 ਸਿੱਖਾਂ ਨੂੰ ਕਤਲ ਕਰਨ ਦੀ ਗੱਲ ਕਰ ਰਿਹਾ ਹੈ, 

ਬਹੁਤ ਨਾਜ਼ੁਕ ਮਸਲਾ ਹੈ, ਇਸ ਲਈ ਤੁਰਤ ਟਾਈਟਲਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇ। ਇਸ ਪਿਛੋਂ ਦਿੱਲੀ ਗੁਰਦਵਾਰਾ ਕਮੇਟੀ ਦਾ ਹੀ ਇਕ ਵਫਦ ਜਿਸ 'ਚ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਅਤੇ ਕਾਨੂੰਨੀ ਮਹਿਕਮੇ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਸ਼ਾਮਲ ਸਨ, ਨੇ ਸ਼ਾਮ ਨੂੰ ਸੀਬੀਆਈ ਹੈੱਡਕੁਆਰਟਰ ਵਿਖੇ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਨਾਲ ਮੁਲਾਕਾਤ ਕੀਤੀ ਤੇ ਮੰਗ ਪੱਤਰ ਦਿਤਾ। ਇਸ ਤੋਂ ਪਹਿਲਾਂ ਇੰਦਰਾ ਪ੍ਰਸਥਾ ਮਾਰਗ 'ਤੇ ਪੁਲਿਸ ਕਮਿਸ਼ਨਰ ਅਮੁਲਯ ਪਟਨਾਇਕ ਨਾਲ ਮੁਲਾਕਾਤ ਕਰ ਕੇ, ਟਾਈਟਲਰ ਬਾਰੇ ਵੀਡੀਉ ਸੌਂਪ ਕੇ, ਐਫਆਈਆਰ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।