ਤਲਾਸ਼ੀ ਅਭਿਆਨ ਤੋਂ ਡੇਰੇ ਅੰਦਰੋਂ ਟਰੱਕਾਂ ਦਾ ਆਉਣਾ-ਜਾਣਾ ਚਿੰਤਾ ਦਾ ਵਿਸ਼ਾ ਬਣਿਆ ਸਾਡੇ ਕੋਲੋਂ ਧੱਕੇ ਨਾਲ ਜ਼ਮੀਨਾਂ ਖ਼ਰੀਦੀਆਂ ਗਈਆਂ : ਕਿਸਾਨ

ਖ਼ਬਰਾਂ, ਪੰਜਾਬ



ਸੰਗਰੂਰ, 8 ਸਤੰਬਰ (ਗੁਰਦਰਸ਼ਨ ਸਿੰਘ ਸਿੱਧੂ) : ਸੌਦਾ ਸਾਧ ਨੂੰ ਸਜ਼ਾ ਹੋਣ ਤੋਂ ਬਾਅਦ ਹੌਲੀ-ਹੌਲੀ ਸਾਰੇ ਗੁੱਝੇ ਭੇਦ ਬਾਹਰ ਆ ਰਹੇ ਹਨ। ਡੇਰਾ ਮੁਖੀ ਵਲੋਂ ਬਣਾਏ ਨਾਜਾਇਜ਼ ਸਬੰਧ, ਨਾਜਾਇਜ਼ ਜਾਇਦਾਦਾਂ, ਧੱਕੇ ਨਾਲ ਨੇੜੇ ਦੀਆਂ ਜ਼ਮੀਨਾਂ ਹੜਪਣਾਂ, ਕਰੋੜਾਂ ਰੁਪਏ ਦੀਆਂ ਕਾਰਾਂ, ਸ਼ਾਹੀ ਠਾਠ-ਬਾਠ ਰਖਣ ਵਾਲਾ ਸੌਦਾ ਸਾਧ ਹੁਣ ਜੇਲ ਵਿਚ ਇਨ੍ਹਾਂ ਚੀਜ਼ਾਂ ਨੂੰ ਤਰਸ ਰਿਹਾ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਅੱਜ ਡੇਰੇ ਦਾ ਤਲਾਸ਼ੀ ਅਭਿਆਨ ਸ਼ੁਰੂ ਹੋ ਗਿਆ ਹੈ ਜਿਸ ਵਿਚ ਸੱਭ ਤੋਂ ਖ਼ਤਰਨਾਕ ਡੇਰੇ ਵਲੋਂ ਹੀ ਪਲਾਸਟਿਕ ਦੀ ਤਿਆਰ ਕੀਤੀ ਕਰੰਸੀ ਵੀ ਬਰਾਮਦ ਹੋਈ ਹੈ। ਇਸ ਕਰੰਸੀ ਨੂੰ ਪ੍ਰੇਮੀਆਂ ਅਤੇ ਡੇਰੇ ਵਲੋਂ ਟੋਕਨ ਦਾ ਨਾਮ ਦਿਤਾ ਗਿਆ। ਡੇਰੇਦਾਰਾਂ ਦਾ ਮੰਨਣਾ ਹੈ ਕਿ ਇਹ ਟੋਕਨ ਤਿਆਰ ਕਰਨ ਦਾ ਮਕਸਦ ਵੱਡੇ ਨੋਟਾਂ ਵਿਚ ਨਾ ਉਲਝਣਾ ਹੈ ਕਿ ਕੋਈ ਵਿਅਕਤੀ ਸਮਾਨ ਖ਼ਰੀਦਦਾ ਹੈ ਤਾਂ ਉਹ ਪੈਸਿਆਂ ਦੀ ਭੰਨ ਤੋੜ ਦੇ ਚੱਕਰ ਵਿਚ ਨਾ ਪਵੇ। ਭਾਵੇਂ ਕਿ ਇਹ ਪਹਿਲੇ ਡੇਰਾ ਮੁਖੀਆਂ ਵਲੋਂ ਹੀ ਸ਼ੁਰੂ ਕੀਤੀ ਗਈ ਸੀ। ਵਰਨਣਯੋਗ ਹੈ ਕਿ ਇਸ ਪਲਾਸਟਿਕ ਦੇ ਤਿਆਰ ਕੀਤੇ ਪੈਸਿਆਂ ਨਾਲ ਡੇਰੇ ਅੰਦਰ ਕਮਾਈ ਕਿੰਨੀ ਹੋਵੇਗੀ। ਡੇਰੇ ਅੰਦਰ ਰੁਪਇਆਂ ਨਾਲ ਕੋਈ ਵੀ ਸਮਾਨ ਨਹੀਂ ਖ਼ਰੀਦਿਆ ਜਾਂਦਾ ਸੀ। ਹਰ ਚੀਜ਼ ਖ਼ਰੀਦਣ ਲਈ ਪਹਿਲਾਂ ਪਲਾਸਟਿਕ ਦੀ ਕਰੰਸੀ ਲੈਣੀ ਪੈਂਦੀ ਸੀ।

ਜੇਕਰ ਕੋਈ ਵਿਅਕਤੀ 100 ਰੁਪਏ ਦਾ ਸਮਾਨ ਖ਼ਰੀਦਦਾ ਸੀ ਤਾਂ ਉਸ ਨੂੰ ਪਹਿਲਾਂ ਡੇਰੇ ਵਾਲੀ ਕਰੰਸੀ ਖ਼ਰੀਦਣੀ ਪੈਂਦੀ ਸੀ। ਅੰਦਰ ਦਾਖ਼ਲ ਹੋਣ ਸਾਰ ਪਹਿਲਾਂ ਪ੍ਰੇਮੀ ਟੋਕਨ ਖ਼ਰੀਦਦੇ ਸਨ ਫਿਰ ਉਸ ਨਾਲ ਖਾਣ-ਪੀਣ ਜਾਂ ਹੋਰ ਸਮੱਗਰੀ ਖ਼ਰੀਦੀ ਜਾਂਦੀ ਸੀ। ਜੇਕਰ ਕਾਨੂੰਨ ਮੁਤਾਬਕ ਗੱਲ ਕੀਤੀ ਜਾਵੇ ਤਾਂ ਇਹ ਇਕ ਤਰ੍ਹਾਂ ਦਾ ਕਾਲਾ ਧਨ ਇਕੱਠਾ ਕਰਨ ਵਾਲਾ ਹੀ ਕੰਮ ਹੈ।
ਡੇਰੇ ਨੇੜਲੇ ਕਿਸਾਨਾਂ ਨੇ ਦਸਿਆ ਕਿ ਉਨ੍ਹਾਂ ਤੋਂ ਧੱਕੇ ਨਾਲ ਜ਼ਮੀਨਾਂ ਖ਼ਰੀਦੀਆਂ ਗਈਆਂ।

ਜੇਕਰ ਉਹ ਜ਼ਮੀਨਾਂ ਵੇਚਣ ਲਈ ਰਾਜੀ ਨਾ ਹੁੰਦੇ ਤਾਂ ਡੇਰੇ ਆਉਂਦੀ ਸੰਗਤ ਉਨ੍ਹਾਂ ਦੇ ਖੇਤਾਂ ਵਿਚ ਫ਼ਸਲਾਂ ਦਾ ਉਜਾੜਾ ਕਰ ਦਿੰਦੀ ਸੀ ਜਿਸ ਕਾਰਨ ਉਨ੍ਹਾਂ ਦਾ ਚਾਹੁੰਦੇ ਹੋਏ ਵੀ ਭਾਰੀ ਨੁਕਸਾਨ ਹੋ ਜਾਂਦਾ। ਅਖ਼ੀਰ ''ਮਰਦਾ ਕੀ ਨਾ ਕਰਦਾ'' ਕਹਾਵਤ ਅਨੁਸਾਰ ਉਨ੍ਹਾਂ ਨੂੰ ਜ਼ਮੀਨਾਂ ਵੇਚਣੀਆਂ ਪੈ ਗਈਆਂ। ਉਕਤ ਕਿਸਾਨਾਂ ਨੇ ਦਸਿਆ ਕਿ ਸੌਦਾ ਸਾਧ ਨੂੰ ਸਜ਼ਾ ਹੋਣ ਤੋਂ ਬਾਅਦ ਹੀ ਡੇਰੇ ਵਿਚ ਟਰੱਕਾਂ ਦਾ ਆਉਣਾ ਜਾਣਾ ਵੱਧ ਗਿਆ ਜਿਸ ਕਾਰਨ ਸਰਕਾਰ ਜੋ ਤਲਾਸ਼ ਰਹੀ ਹੈ ਸ਼ਾਇਦ ਖ਼ਤਰਨਾਕ ਚੀਜ਼ਾਂ ਨਾ ਮਿਲਣ। ਉਨ੍ਹਾਂ ਕਿਹਾ ਕਿ ਟਰੱਕਾਂ ਵਿਚ ਪਸ਼ੂ ਜਾਂ ਜਾਨਵਰ ਤਾਂ ਜਾ ਨਹੀਂ ਸਕਦੇ, ਡੇਰੇ ਨਾਲ ਸਬੰਧਤ ਗੰਭੀਰ ਪਰੂਫ਼ ਸੇਵਾਦਾਰਾਂ ਅਤੇ ਮੁੱਖ ਪ੍ਰਬੰਧਕਾਂ ਨੇ ਤਲਾਸ਼ੀ ਅਭਿਆਨ ਤੋਂ ਪਹਿਲਾਂ ਹੀ ਰੂਪੋਸ਼ ਕਰ ਦਿਤੇ ਹਨ। ਹੁਣ ਤਾਂ ਇਹ ਗੱਲ ਹੈ ਕਿ ''ਸੱਪ ਦੇ ਲੰਘ ਜਾਣ ਮਗਰੋਂ ਲਕੀਰਾਂ ਕੁੱਟਣ ਦਾ ਕੀ ਫ਼ਾਇਦਾ।'' ਅਜੇ ਤਕ ਪੁਲਿਸ ਦੇ ਹੱਥ ਕੰਪਿਊਟਰ, ਹਾਰਡ ਡਿਸਕ ਆਦਿ ਸਮੱਗਰੀ ਹੀ ਪ੍ਰਾਪਤ ਹੋਈ ਹੈ।

ਨੇੜਲੇ ਲੋਕਾਂ ਦਾ ਮੰਨਣਾ ਹੈ ਕਿ ਕਰੋੜਾਂ ਦੀ ਸੰਗਤ ਦੇ ਮਾਲਕ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਡੇਰੇ ਵਿਚੋਂ ਸਮਾਨ ਬਾਹਰ ਕੱਢਣਾ ਕੋਈ ਵੱਡੀ ਗੱਲ ਨਹੀਂ ਹੈ। ਜੇਕਰ ਸੋਚਿਆ ਜਾਵੇ ਕਿ ਇਹ ਕਾਰਵਾਈ ਦੇਰੀ ਨਾਲ ਕਿਉਂ ਕੀਤੀ ਗਈ ਹੈ, ਅਦਾਲਤ ਜੇਕਰ ਸਜ਼ਾ ਸੁਣਾਉਣ ਤੋਂ ਤੁਰਤ ਬਾਅਦ ਹੀ ਇਹ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਤਾਂ ਵੱਡੇ ਸਬੂਤ ਹੱਥ ਲੱਗ ਸਕਦੇ ਸਨ।        (ਬਾਕੀ ਸਫ਼ਾ 7 'ਤੇ)

ਜਦਕਿ ਅੱਜ ਡੇਰੇ ਵਾਲੇ ਅਖ਼ਬਾਰ ਵਲੋਂ ਵੀ ਟੇਢੇ ਢੰਗ ਨਾਲ ਮੰਨਿਆ ਕਿ ਡੇਰੇ ਅੰਦਰ ਪਿੰਜਰ ਹੋ ਸਕਦੇ ਹਨ ਕਿਉਂਕਿ ਜੋ ਡੇਰੇ ਅੰਦਰ ਸ਼ਰਧਾਲੂ ਜਾਂ ਪੱਕੇ ਪ੍ਰੇਮੀ ਰਹਿੰਦੇ ਸਨ ਅਤੇ ਅਪਣਾ ਘਰ ਬਾਰ ਛੱਡ ਚੁੱਕੇ ਸਨ ਤਾਂ ਉਨ੍ਹਾਂ ਦਾ ਸਸਕਾਰ ਡੇਰੇ ਅੰਦਰ ਹੀ ਕਰ ਦਿਤਾ ਜਾਂਦਾ ਸੀ।  

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਵਿਅਕਤੀਆਂ ਦਾ ਡੇਰੇ ਅੰਦਰ ਸਸਕਾਰ ਕੀਤਾ ਜਾਂਦਾ ਸੀ ਉਨ੍ਹਾਂ ਕੋਈ ਰੀਕਾਰਡ ਬਗ਼ੈਰਾ ਚੈੱਕ ਕਰਨਾ ਵੱਡੀ ਜ਼ਿੰਮੇਵਾਰੀ ਬਣਦੀ ਹੈ। ਡੇਰੇ ਨਾਲੋਂ ਤੋੜ ਵਿਛੋੜਾ ਕਰਨ ਵਾਲੇ ਪ੍ਰੇਮੀਆਂ ਦਾ ਕਹਿਣਾ ਹੈ ਕਿ ਜੋ ਬਗ਼ਾਵਤ ਕਰਦਾ ਸੀ ਉਸ ਨੂੰ ਕਤਲ ਕਰ ਕੇ ਉਥੇ ਹੀ ਦਫਨਾਇਆ ਜਾਂਦਾ ਸੀ। ਕੁੱਝ ਪਰਵਾਰਾਂ ਨੂੰ ਡੇਰੇ ਗਏ ਅਤੇ ਵਾਪਸ ਨਾ ਆਏ ਪ੍ਰੇਮੀਆਂ ਦੀ ਅੱਜ ਵੀ ਉਡੀਕ ਹੈ। ਸ਼ਾਇਦ ਉਨ੍ਹਾਂ ਵਿਚੋਂ ਕਿੰਨੇ ਕੁ ਪ੍ਰੇਮੀ ਡੇਰੇ ਅੰਦਰ ਦਫਨਾਏ ਗਏ ਹੋਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।