ਅਧਿਆਪਕਾਂ ਨੇ ਵਿੱਤ ਮੰਤਰੀ ਦਫ਼ਤਰ ਕੋਲ ਲਾਇਆ ਧਰਨਾ
ਬਠਿੰਡਾ, 14 ਮਾਰਚ (ਸੁਖਜਿੰਦਰ ਮਾਨ): ਦਸੰਬਰ ਮਹੀਨੇ ਤੋਂ ਰੁਕੀਆਂ ਤਨਖ਼ਾਹਾਂ ਨੂੰ ਜਾਰੀ ਕਰਵਾਉਣ ਤੇ ਪੰਜਾਬ ਸਰਕਾਰ ਵਲੋਂ ਜਾਰੀ ਨਵੀਂ ਅਧਿਆਪਕ ਨੀਤੀ ਨੂੰ ਰੱਦ ਕਰਵਾਉਣ ਲਈ ਅੱਜ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਵੱਡਾ ਧਰਨਾ ਲਗਾਇਆ ਗਿਆ। ਹਾਲਾਂਕਿ ਪੁਲਿਸ ਨੇ ਧਰਨੇ ਨੂੰ ਰੋਕਣ ਲਈ ਦਫ਼ਤਰ ਅਤੇ ਆਸਪਾਸ ਦੇ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਪਰ ਅਧਿਆਪਕਾਂ ਦੇ ਹੱਠ ਅੱਗੇ ਪੁਲਿਸ ਨੂੰ ਝੁਕਣਾ ਪਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਜਗਸੀਰ ਸਿੰਘ, ਪਰਮਜੀਤ ਸਿੰਘ, ਲਛਮਣ ਸਿੰਘ ਆਦਿ ਨੇ ਦੋਸ਼ ਲਾਇਆ ਕਿ ਲਗਾਤਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਹਾਲੇ ਤਕ ਅਧਿਆਪਕਾਂ ਨੂੰ ਦਸੰਬਰ ਮਹੀਨੇ ਦੀ ਤਨਖ਼ਾਹ ਨਹੀਂ ਜਾਰੀ ਕੀਤੀ। ਇਸ ਦੇ ਉਲਟ ਪਿਛਲੇ ਕਈ ਸਾਲਾਂ ਤੋਂ ਐਸ.ਐਸ.ਏ ਤੇ ਰਮਸਾ ਆਦਿ ਸਕੀਮਾਂ 'ਚ ਪੂਰੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਜ਼ਾਰਾਂ ਅਧਿਆਪਕਾਂ ਤੇ ਕਲੈਰੀਕਲ ਕਾਮਿਆਂ ਨੂੰ ਪੱਕਾ ਕਰਨ ਦੇ ਬਦਲੇ ਮੁੜ ਤਿੰਨ ਸਾਲਾਂ ਲਈ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਨ ਲਈ ਕਿਹਾ ਜਾ ਰਿਹਾ।