ਚੰਡੀਗੜ੍ਹ, 3 ਫ਼ਰਵਰੀ (ਸਸਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਲ ਨੇ ਅੱਜ ਕਿਹਾ ਕਿ ਤਰਨ ਤਾਰਨ ਵਿਖੇ ਇਕ ਮਾਰਕੀਟ ਵਿਚ ਗੁੰਡਾਗਰਦੀ ਅਤੇ ਗੁਰਦੁਆਰੇ ਮੱਥਾ ਟੇਕਣ ਜਾ ਰਹੀਆਂ ਲੜਕੀਆਂ ਨਾਲ ਛੇੜਛਾੜ ਦੀ ਘਟਨਾ ਦਰਅਸਲ ਕਾਂਗਰਸੀ ਗੁੰਡਿਆਂ ਨੂੰ ਅਪਣੇ ਵਿਰੋਧੀਆਂ ਉੱਤੇ ਹਮਲੇ ਕਰਨ ਲਈ ਦਿਤੀ ਖੁੱਲ੍ਹ ਦਾ ਨਤੀਜਾ ਹੈ। ਉਹਨਾਂ ਨੇ ਇਸ ਸਾਰੀ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਤਿੰਨ ਦਿਨ ਪਹਿਲਾਂ ਤਰਨ ਤਾਰਨ ਦੇ ਅੱਡਾ ਬਾਜ਼ਾਰ ਵਿਚ 40 ਮਿੰਟਾਂ ਤਕ ਗੁੰਡੇ
ਦੁਕਾਨਾਂ ਦੀ ਤੋੜਭੰਨ ਕਰਦੇ ਰਹੇ ਤੇ ਦੁਕਾਨਦਾਰ ਮਹਿਜ਼ 40 ਮੀਟਰ ਦੇ ਫ਼ਾਸਲੇ ਉਤੇ ਸਥਿਤ ਪੁਲਿਸ ਚੌਕੀ ਵਿਚ ਮੱਦਦ ਲਈ ਫ਼ੋਨ ਕਰਦੇ ਰਹੇ, ਪਰ ਉੱਥੇ ਮੌਜੂਦ ਏਐਸਆਈ ਨੇ ਉਨ੍ਹਾਂ ਦੀ ਮੱਦਦ ਵਾਸਤੇ ਆਉਣ ਤੋਂ ਇਨਕਾਰ ਕਰ ਦਿਤਾ। ਇਥੋਂ ਤਕ ਕਿ ਐਸਐਸਪੀ ਨੇ ਵੀ ਕਿਸੇ ਦਾ ਫ਼ੋਨ ਨਹੀਂ ਸੁਣਿਆ।ਇਹ ਟਿੱਪਣੀ ਕਰਦਿਆਂ ਕਿ ਇਕ ਸਭਿਅਕ ਸਮਾਜ ਵਿਚ ਅਜਿਹੀ ਵਹਿਸ਼ੀਪੁਣੇ ਲਈ ਕੋਈ ਥਾਂ ਨਹੀਂ ਹੈ ਅਤੇ ਅਜਿਹੀ ਘਟਨਾ ਪੰਜਾਬ ਵਿਚ ਪਹਿਲਾਂ ਕਦੀ ਨਹੀਂ ਵਾਪਰੀ, ਅਕਾਲੀ ਦਲ ਦੇ ਪ੍ਰਧਾਨ ਨੇ ਇਸ ਗੁੰਡਾਗਰਦੀ ਦੀ ਘਟਨਾ ਨੂੰ ਰੋਕਣ ਲਈ ਮੌਕੇ ਉੱਤੇ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਐਸਐਸਪੀ ਵਿਰੁਧ ਤੁਰਤ ਕਾਰਵਾਈ ਕਰਨ ਦੀ ਮੰਗ ਕੀਤੀ।