ਤਰਨਤਾਰਨ, 1 ਫ਼ਰਵਰੀ (ਚਰਨਜੀਤ ਸਿੰਘ): ਬੀਤੀ ਸ਼ਾਮ ਕਰੀਬ ਸਾਢੇ 6 ਵਜੇ ਚੌਕ ਬੋਹੜੀ ਵਾਲਾ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮੇਨ ਬਾਜ਼ਾਰ ਵਿਚ ਤਿੰਨ ਦਰਜਨ ਦੇ ਕਰੀਬ ਗੁੰਡਿਆਂ ਨੇ ਗੁੰਡਾਗਰਦੀ ਦੀ ਇੰਤਹਾ ਕਰਦਿਆਂ ਬਾਜ਼ਾਰ ਦੀਆਂ 100 ਦੇ ਕਰੀਬ ਦੁਕਾਨਾਂ ਦੀ ਭੰਨਤੋੜ ਕੀਤੀ, ਅੱਧੀ ਦਰਜਨ ਦੇ ਕਰੀਬ ਦੁਕਾਨਦਾਰਾਂ ਨੂੰ ਜ਼ਖ਼ਮੀ ਕੀਤਾ ਅਤੇ ਦੁਕਾਨਾਂ ਵਿਚ ਸੋਨੇ ਦੇ ਗਹਿਣੇ, ਕੱਪੜੇ ਅਤੇ ਹੋਰ ਸਮਾਨ ਦੀ ਸ਼ਰੇਆਮ ਲੁਟ ਮਾਰ ਕੀਤੀ। ਥਾਣਾ ਸਿਟੀ ਤਰਨਤਾਰਨ ਤੋਂ ਮਹਿਜ਼ 100 ਗਜ਼ ਦੀ ਦੂਰੀ 'ਤੇ ਗੁੰਡਾ ਅਨਸਰਾਂ ਵਲੋਂ ਕੀਤੀ ਗਈ ਗੁੰਡਾਗਰਦੀ ਨੂੰ ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਅਤੇ ਸ਼ਰੇਆਮ ਕਰੀਬ ਇਕ ਘੰਟਾ ਗੁੰਡਾਗਰਦੀ ਕਰਨ ਤੋਂ ਬਾਅਦ ਗੁੰਡੇ ਅਸਾਨੀ ਨਾਲ ਫ਼ਰਾਰ ਹੋ ਜਾਣ ਵਿਚ ਸਫ਼ਲ ਹੋ ਗਏ। ਜਾਣਕਾਰੀ ਅਨੁਸਾਰ ਝਗੜਾ ਇਸ ਗੱਲ ਤੋਂ ਸ਼ੁਰੂ ਹੋਇਆ ਕਿ ਜਦੋਂ ਸਥਾਨਕ ਨੂਰਦੀ ਅੱਡਾ ਦਾ ਰਹਿਣ ਵਾਲਾ ਸੋਨੂੰ ਅਪਣੇ ਹਥਿਆਰਬੰਦ ਗੁੰਡਿਆਂ ਸਮੇਤ ਸ਼ਸ਼ੀ ਭੂਸ਼ਣ ਪੁੱਤਰ ਮੋਹਨ ਲਾਲ ਦੀ ਦੁਕਾਨ ਜੋ ਅੱਡਾ ਬਾਜ਼ਾਰ ਵਿਚ ਸਥਿਤ ਹੈ, ਵਿਚ ਆਇਆ ਅਤੇ ਉਸ ਦਾ ਪੈਸਿਆਂ ਦੇ ਲੈਣ ਦੇਣ ਤੋਂ ਕੁਲਵੰਤ ਸਿੰਘ ਅਰੋੜਾ ਨਾਲ ਝਗੜਾ ਹੋ ਗਿਆ। ਇਸ ਤੂੰ ਤੂੰ ਮੈਂ ਮੈਂ ਤੋਂ ਬਾਅਦ ਸੋਨੂੰ ਅਤੇ ਉਸ ਦੇ ਸਾਥੀ ਗੁੰਡੇ ਇੰਨੇ ਹਿੰਸਕ ਹੋ ਗਏ ਕਿ ਉਨ੍ਹਾਂ ਨੇ ਆਸ-ਪਾਸ ਦੀਆਂ ਦੁਕਾਨਾਂ ਦੀ ਭੰਨਤੋੜ ਅਤੇ ਲੁਟ ਮਾਰ ਕਰਨੀ ਸ਼ੁਰੂ ਕਰ ਦਿਤੀ। ਸ਼ਸ਼ੀ ਭੂਸ਼ਣ ਨੂੰ ਸਖ਼ਤ ਜ਼ਖ਼ਮੀ ਕਰਨ ਤੋਂ ਬਾਅਦ ਇਹ ਗੁੰਡੇ ਬਾਜ਼ਾਰ ਵਿਚ ਚੈਰੀ ਗਾਰਮੈਂਟ, ਸੁਰਿੰਦਰ ਗਾਰਮੈਂਟ, ਮੌਂਗਾ ਗਿਫ਼ਟ ਸੈਂਟਰ, ਲੁਧਿਆਣੇ ਵਾਲਿਆਂ ਦੀ ਹੱਟੀ, ਮੰਗਲ ਬੇਕਰੀ, ਜੀਤ ਦੀ ਹੱਟੀ, ਬਿੱਲੇ ਦੀ ਹੱਟੀ, ਸ਼ੈਰੀ ਗਾਰਮੈਂਟ, ਸਟਾਰ ਹੈਂਡਲੂਮ, ਪ੍ਰਿੰਸ ਗਾਰਮੈਂਟ, ਸਪਨਾ ਵਾਚ ਕੰਪਨੀ, ਹਰਜੀਤ ਸਿੰਘ ਸੁਨਿਆਰਾ, ਰਾਜਾ ਰੈਡੀਮੇਡ, ਅਸ਼ੋਕ ਦੀ ਹੱਟੀ, ਅਜੀਤ ਪੱਪੂ ਦੀ ਹੱਟੀ, ਜੱਸੀ ਗਾਰਮੈਂਟ, ਬਿੱਲਾ ਮਨਿਆਰੀ ਵਾਲਾ, ਕੁੱਕ ਦੀ ਹੱਟੀ, ਰਾਮ ਲਾਲ ਕਰਿਆਨੇ ਵਾਲੇ ਅਤੇ ਸੁਹਾਗ ਬਿਊਟੀ ਪਾਰਲਰ ਸਮੇਤ 100 ਦੇ ਕਰੀਬ ਦੁਕਾਨਾਂ ਦੀ ਭੰਨਤੋੜ ਅਤੇ ਲੁਟ ਮਾਰ ਕੀਤੀ ਅਤੇ ਸੋਨੇ ਦੀਆਂ ਦੁਕਾਨਾਂ 'ਚੋਂ ਸੋਨੇ ਦੇ ਜੇਵਰਾਤ, ਕਪੜੇ ਦੀਆਂ ਦੁਕਾਨਾਂ ਤੋਂ ਕਪੜੇ ਅਤੇ ਨਕਦੀ ਆਦਿ ਲੁੱਟ ਲਏ।