ਤਰਨਤਾਰਨ 'ਚ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਜ਼ਿਲ੍ਹੇ 'ਚ ਵੱਡੀ ਪੱਧਰ 'ਤੇ ਕਿਰਤ ਦਾਨ

ਖ਼ਬਰਾਂ, ਪੰਜਾਬ

ਤਰਨਤਾਰਨ: ਡਿਪਟੀ ਕਮਿਸ਼ਨਰ ਤਰਨਤਰਨ ਪਰਦੀਪ ਕੁਮਾਰ ਸੱਭਰਵਾਲ ਦੀ ਅਗਵਾਈ ਵਿੱਚ 15 ਸਤੰਬਰ ਤੋਂ ਸ਼ੁਰੂ ਹੋਏ 'ਸਵੱਛਤਾ ਹੀ ਸੇਵਾ' ਪੰਦਰਵਾੜੇ ਤਹਿਤ ਅੱਜ ਜ਼ਿਲ੍ਹੇ ਭਰ ਵਿੱਚ ਵੱਡੀ ਪੱਧਰ 'ਤੇ ਜਨਤਕ ਥਾਵਾਂ, ਸਕੂਲਾਂ, ਕਾਲਜਾਂ, ਧਾਰਮਿਕ ਸਥਾਨਾਂ ਦੇ ਆਸ-ਪਾਸ, ਹਸਪਤਾਲਾਂ, ਸਰਕਾਰੀ ਇਮਾਰਤਾਂ, ਪਾਰਕਾਂ ਅਤ ਹੋਰ ਇਤਿਹਾਸਿਕ ਥਾਵਾਂ ਦੀ ਵਿਸ਼ੇਸ਼ ਸਫ਼ਾਈ ਕਿਰਤ ਦਾਨ ਚਲਾਇਆ ਗਿਆ। ਜਿਸ ਦੌਰਾਨ ਸਮੂਹ ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਵਿੱਚ 10 ਤੋਂ 12 ਵਜੇ ਤੱਕ ਸਾਫ਼-ਸਫ਼ਾਈ ਅਤੇ ਦਫ਼ਤਰੀ ਰਿਕਾਰਡ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਇਆ ਗਿਆ।

ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਸ੍ਰੀ ਦਰਬਾਰ ਸਾਹਿਬ ਨੇੜੇ ਤੋਂ ਸਫਾਈ ਲਈ ਕਿਰਤ ਦਾਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। 

ਇਸ ਮੌਕੇ ਡਾ. ਧਰਮਬੀਰ ਅਗਨੀਹੋਤਰੀ ਨੇ ਲੋਕਾਂ ਨੂੰ ਸਾਫ-ਸਫਾਈ ਲਈ ਜਾਗਰੂਕ ਕਰਦਿਆਂ ਕਿਹਾ ਕਿ ਸਫਾਈ ਹੀ ਸਿਹਤਮੰਦ ਸਮਾਜ ਦਾ ਨੀਂਹ ਹੁੰਦੀ ਹੈ, ਇਸ ਲਈ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਤੇ ਗੰਦਗੀ ਮੁਕਤ ਰੱਖਣਾ ਸਾਡੀ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ। ਉਨਾਂ ਕਿਹਾ ਕਿ ਗੰਦਗੀ ਇੱਕ ਲਾਹਣਤ ਹੈ ਅਤੇ ਇਸ ਨਾਲ ਕਈ ਤਰਾਂ ਦੀਆਂ ਭਿਆਨਕ ਬਿਮਾਰੀਆਂ ਫੈਲਦੀਆਂ ਹਨ। ਇਸ ਲਈ ਸਾਡਾ ਸਾਰਿਆਂ ਦਾ ਇਹ ਮੁੱਢਲਾ ਫਰਜ ਬਣਦਾ ਹੈ ਕਿ ਗੰਦਗੀ ਨੂੰ ਹਮੇਸਾਂ ਲਈ ਖਤਮ ਕਰਨ ਲਈ ਰਲ-ਮਿਲ ਕੇ ਲੋਕ ਲਹਿਰ ਚਲਾਈਏ।

ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਸਾਡੇ ਵਿੱਚ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦੀ ਭਾਵਨਾ ਹੋਣੀ ਚਾਹੀਦੀ ਹੈ ਅਤੇ ਆਪਣੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਦੀ ਜ਼ਿੰਮੇਵਾਰੀ ਨੂੰ ਦੂਸਰਿਆਂ 'ਤੇ ਸੁੱਟਣ ਦੀ ਬਜਾਏ ਖੁਦ ਹੀ ਇਸ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ 15 ਸਤੰਬਰ ਤੋਂ 2 ਅਕਤੂਬਰ ਤੱਕ ਮਨਾਏ ਜਾ ਰਹੇ 'ਸਵੱਛਤਾ ਹੀ ਸੇਵਾ' ਪੰਦਰਵਾੜੇ ਵਿੱਚ ਹਰੇਕ ਨਾਗਰਿਕ ਨੂੰ ਆਪਣਾ ਉਸਾਰੂ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਅਸੀਂ ਜਿਲਾ ਤਰਨਤਾਰਨ ਦੇ ਨਾਲ-ਨਾਲ ਪੰਜਾਬ ਅਤੇ ਭਾਰਤ ਨੂੰ ਵੀ ਪੂਰੀ ਤਰਾਂ ਗੰਦਗੀ ਮੁਕਤ ਬਣਾਉਣ 'ਚ ਵੱਡਮੁੱਲਾ ਯੋਗਦਾਨ ਪਾ ਸਕੀਏ। 

ਉਹਨਾਂ ਦੱਸਿਆ ਕਿ ਇਸ ਸਫਾਈ ਪੰਦਰਵਾੜੇ ਦੌਰਾਨ 24 ਸਤੰਬਰ 'ਸਮੱਗਰ ਸਵੱਛਤਾ ਸ਼੍ਰਮਦਾਨ' ਦਿਵਸ ਵਜੋਂ ਮਨਾਇਆ ਜਾਵੇਗਾ, ਜਿਸ ਦੌਰਾਨ ਸਹਿਰਾਂ ਤੇ ਕਸਬਿਆਂ 'ਚ ਨਗਰ ਨਿਗਮ/ਨਗਰ ਕੌਸਲਾਂ/ਨਗਰ ਕਮੇਟੀਆਂ ਦੇ ਕਾਰਜ ਸਾਧਕ ਅਫਸਰਾਂ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਵੱਲੋਂ ਪਿੰਡ ਪੱਧਰ 'ਤੇ ਸਾਫ-ਸਫਾਈ ਕਰਵਾਈ ਜਾਵੇਗੀ ਅਤੇ ਜਿਲੇ ਦੇ ਨਾਗਰਿਕਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਲਾ ਸਿੱਖਿਆ ਅਫਸਰ ਵੱਲੋਂ ਸਕੂਲਾਂ ਦੀ ਸਾਫ-ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ। 

ਇਸ ਤੋਂ ਇਲਾਵਾ 25 ਸਤੰਬਰ ਨੂੰ 'ਸਵੱਛਤਾ' ਦਿਵਸ 'ਤੇ ਬੈਂਕਾਂ/ਸਰਕਾਰੀ ਅਦਾਰਿਆਂ ਦੇ ਕਰਮਚਾਰੀ ਆਪਣੀਆਂ ਅਧਿਕਾਰਤ ਥਾਵਾਂ ਦੀ ਸਾਫ-ਸਫਾਈ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਕਾਰਜ ਸਾਧਕ ਅਫਸਰਾਂ ਦੇ ਸਹਿਯੋਗ ਨਾਲ ਬੱਸ ਅੱਡਿਆਂ, ਜਨਤਕ ਪਖਾਨਿਆਂ, ਪਾਰਕਾਂ ਤੇ ਸਾਪਿੰਗ ਕੰਪਲੈਕਸਾਂ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਰਾਹੀਂ ਪਿੰਡਾਂ ਦੇ ਟੋਭਿਆਂ, ਪੰਚਾਇਤ ਘਰਾਂਂ ਤੇ ਧਾਰਮਿਕ ਸਥਾਨਾਂ ਦੀ ਸਫਾਈ ਕਰਵਾਈ ਜਾਵੇਗੀ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੋ. ਰਾਕੇਸ਼ ਕੁਮਾਰ, ਐੱਸ. ਡੀ. ਐੱਮ. ਤਰਨਤਾਰਨ ਡਾ. ਅਮਨਦੀਪ ਕੌਰ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ੍ਰੀ ਰਜਨੀਸ਼ ਅਰੋੜਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਜਗਜੀਤ ਸਿੰਘ ਬੱਲ. ਜ਼ਿਲ੍ਹਾ ਯੂਥ ਕੋਆਰਡੀਨੇਟਰ ਸ੍ਰੀ ਬਿਕਰਮ ਸਿੰਘ ਗਿੱਲ, ਐਕਸ਼ੀਅਨ ਨਰਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।