ਬਠਿੰਡਾ, 28 ਅਕਤੂਬਰ (ਸੁਖਜਿੰਦਰ ਮਾਨ): ਸੂਬੇ 'ਚ ਸਰਾਬ ਤਸਕਰੀ ਨੂੰ ਰੋਕਣ ਲਈ ਅਗਲੇ ਵਿੱਤੀ ਸਾਲ ਤੋਂ ਪੰਜਾਬ ਸਰਕਾਰ ਸ਼ਰਾਬ ਸਸਤੀ ਕਰਨ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧ ਵਿਚ ਪਿਛਲੇ ਦਿਨੀਂ ਵਿਭਾਗੀ ਅਧਿਕਾਰੀਆਂ ਦੀ ਹੋਈ ਮੀਟਿੰਗ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ 'ਚ ਸ਼ਰਾਬ ਦੀ ਕੀਮਤ ਜ਼ਿਆਦਾ ਹੋਣ ਕਾਰਨ ਤਸਕਰੀ ਹੁੰਦੀ ਹੈ ਜਿਸ ਦੇ ਰੁਕਣ ਨਾਲ ਸੂਬੇ ਦੇ ਖ਼ਜ਼ਾਨੇ ਨੂੰ ਵੱਡਾ ਲਾਭ ਪੁੱਜ ਸਕਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੀਟਿੰਗ ਤੋਂ ਬਾਅਦ ਇਹ ਤੈਅ ਕੀਤਾ ਗਿਆ ਹੈ ਕਿ ਆਉਣ ਵਾਲੇ ਵਿੱਤੀ ਸਾਲ 'ਚ ਪੰਜਾਬ ਵਿਚ ਸ਼ਰਾਬ ਦੇ ਰੇਟ ਦੂਜੇ
ਰਾਜਾਂ ਦੇ ਮੁਕਾਬਲੇ ਜਾਂ ਇਸ ਤੋਂ ਘੱਟ ਰੱਖੇ ਜਾਣ ਤੇ ਇਸ ਨੂੰ ਮੁੱਖ ਰੱਖਦੇ ਹੋਏ ਅਗਲੇ ਸਾਲ ਦੀ ਸ਼ਰਾਬ ਨੀਤੀ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਡੇਂਗੂ ਦੇ ਵੱਧ ਰਹੇ ਪ੍ਰਕੋਪ 'ਤੇ ਚਿੰਤਾ ਜ਼ਾਹਰ ਕਰਦਿਆਂ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਕਿਹਾ ਗਿਆ ਹੈ। ਮਨਪ੍ਰੀਤ ਬਾਦਲ ਅੱਜ ਸ਼ਹਿਰ 'ਚ ਬਾਬਾ ਨਾਮਦੇਵ ਦੀ ਸ਼ੋਭਾ ਯਾਤਰਾ ਵਿਚ ਵੀ ਹਿੱਸਾ ਲਿਆ ਤੇ ਕਈ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨ ਤੋਂ ਇਲਾਵਾ ਅਪਣੇ ਦਫ਼ਤਰ ਵਿਚ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਸ਼ਹਿਰ ਦੇ ਕਾਂਗਰਸ ਪ੍ਰਧਾਨ ਮੋਹਨ ਲਾਲ ਝੂੰਬਾ, ਕੇ.ਕੇ.ਅਗਰਵਾਲ, ਜਗਰੂਪ ਸਿੰਘ ਗਿੱਲ, ਰਾਜਨ ਗਰਗ, ਅਸੋਕ ਪ੍ਰਧਾਨ ਆਦਿ ਆਗੂ ਤੇ ਵਰਕਰ ਹਾਜ਼ਰ ਸਨ।