ਥਰਮਲ ਬੰਦ ਕਰਨ ਦੇ ਵਿਰੋਧ 'ਚ ਕਾਮਿਆਂ ਦਾ ਸੰਘਰਸ਼ ਜਾਰੀ

ਖ਼ਬਰਾਂ, ਪੰਜਾਬ

ਬਠਿੰਡਾ, 5 ਜਨਵਰੀ (ਸੁਖਜਿੰਦਰ ਮਾਨ) : ਥਰਮਲ ਬੰਦ ਕਰਨ ਵਿਰੁਧ ਕੱਚੇ ਕਾਮਿਆਂ ਨੇ ਅੱਜ ਮਿੰਨੀ ਸਕੱਤਰੇਤ ਤੋਂ ਹੱਥਾਂ ਵਿਚ ਖਾਲੀ ਬਰਤਨ ਲੈ ਕੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਤਕ ਰੋਸ ਮਾਰਚ ਕੀਤਾ। ਇਸ ਤੋਂ ਇਲਾਵਾ ਸੰਘਰਸ਼ ਵਿਚ ਡਟ ਕੇ ਸਾਥ ਦੇ ਰਹੇ ਕੱਚੇ ਕਾਮਿਆਂ ਦੇ ਬੱਚਿਆਂ ਨੇ ਵੀ ਸ. ਬਾਦਲ ਦੇ ਦਫ਼ਤਰ ਅੱਗੇ ਭਾਂਡੇ ਖ਼ੜਕਾ ਕੇ ਅਪਣੇ ਮਾਪਿਆਂ ਦੇ ਚੁੱਲ੍ਹੇ ਭਖਦੇ ਰੱਖਣ ਲਈ ਸਰਕਾਰ ਦੇ ਕੰਨਾਂ ਤਕ ਆਵਾਜ਼ ਪਹੁੰਚਾਉਣ ਦਾ ਯਤਨ ਕੀਤਾ। ਪੰਜਾਬ ਸਰਕਾਰ ਦੇ ਬਠਿੰਡਾ ਥਰਮਲ ਦੇ ਚਾਰੇ ਯੂਨਿਟ ਅਤੇ ਰੋਪੜ ਥਰਮਲ ਦੇ ਦੋ ਯੂਨਿਟ ਮੁਕੰਮਲ ਰੂਪ 'ਚ ਬੰਦ ਕਰਨ ਦੇ ਫ਼ੈਸਲੇ ਨੂੰ ਰੱਦ ਕਰਵਾਉਣ ਲਈ ਕੱਚੇ ਕਾਮਿਆਂ ਵਲੋਂ ਪਿਛਲੇ ਪੰਜ ਦਿਨਾਂ ਤੋਂ ਕੀਤੇ ਜਾ ਰਹੇ ਸੰਘਰਸ਼ ਦੀ ਕੜੀ ਤਹਿਤ ਠੇਕਾ ਮੁਲਾਜ਼ਮਾਂ ਦਾ ਪੱਕਾ ਮੋਰਚਾ ਅੱਜ ਪੰਜਵੇਂ ਦਿੱਨ ਵੀ ਜਾਰੀ ਰਿਹਾ।