ਥਰਮਲ ਬੰਦ ਕਰਨ ਵਿਰੁੱਧ ਬਿਜਲੀ ਕਾਮਿਆਂ ਤੇ ਇੰਜੀਨੀਅਰਾਂ ਨੇ ਖੋਲ੍ਹਿਆ ਮੋਰਚਾ (ਬਠਿੰਡਾ)

ਖ਼ਬਰਾਂ, ਪੰਜਾਬ

ਬਠਿੰਡਾ: ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ 'ਚ ਕੈਪਟਨ ਸਰਕਾਰ ਵਿਰੁਧ ਬਿਜਲੀ ਕਾਮਿਆਂ ਦਾ ਰੋਸ ਵਧ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਨੂੰ ਭਖਾਉਂਦਿਆਂ ਇੰਪਲਾਈਜ਼ ਤਾਲਮੇਲ ਕਮੇਟੀ ਅਤੇ ਵਿਰੋਧੀ ਧਿਰਾਂ ਨੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁਧ ਮੋਰਚਾ ਖੋਲ ਦਿੱਤਾ ਹੈ।

ਭਲਕੇ ਬਿਜਲੀ ਕਾਮਿਆਂ ਵਲੋਂ ਪ੍ਰਵਾਰਾਂ ਸਹਿਤ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ 'ਚ ਵੱਡਾ ਰੋਸ਼ ਮਾਰਚ ਕਰਨ ਅਤੇ ਵਿਤ ਮੰਤਰੀ ਦੇ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਪ ਨੇ ਵੀ ਬਿਜਲੀ ਕਾਮਿਆਂ ਦਾ ਸਹਿਯੋਗ ਦਿੰਦੇ ਹੋਏ ਕੈਪਟਨ ਦੀ ਰਿਹਾਇਸ਼ ਦੇ ਘਿਰਾਓ ਦਾ ਸੱਦਾ ਦਿੱਤਾ ਹੈ। ਅਕਾਲੀ ਦਲ ਸ਼ਹਿਰੀ ਨੇ ਵੀ ਇਸ ਸੰਘਰਸ 'ਚ ਸ਼ਾਮਲ ਹੁੰਦੇ ਹੋਏ ਬਠਿੰਡਾ ਥਰਮਲ ਨੂੰ ਬੰਦ ਕਰਨ ਲਈ ਵਿਤ ਮੰਤਰੀ ਨੂੰ ਜਿੰਮੇਵਾਰ ਠਹਿਰਾਇਆ ਹੈ।