ਬਠਿੰਡਾ, 12 ਜਨਵਰੀ (ਸੁਖਜਿੰਦਰ ਮਾਨ) : ਥਰਮਲ ਨੂੰ ਬੰਦ ਕਰਨ ਦੇ ਮਾਮਲੇ 'ਚ ਬਿਜਲੀ ਕਾਮਿਆਂ ਦਾ ਨਿਸ਼ਾਨਾ ਬਣੇ ਵਿੱਤ ਮੰਤਰੀ ਦੀ ਅੱਜ ਸ਼ਹਿਰ 'ਚ ਆਮਦ ਹੁੰਦੇ ਹੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਿਛਲੇ 12 ਦਿਨਾਂ ਤੋਂ ਸੰਘਰਸ਼ ਕਰ ਰਹੇ ਕੱਚੇ ਕਾਮਿਆਂ ਵਲੋਂ ਅੱਜ ਬਠਿੰਡਾ ਪੁੱਜੇ ਮਨਪ੍ਰੀਤ ਸਿੰਘ ਬਾਦਲ ਦੇ ਘਿਰਾਉ ਦਾ ਐਲਾਨ ਕਰਦੇ ਹੋਏ ਰੋਸ ਮਾਰਚ ਸ਼ੁਰੂ ਕਰ ਦਿਤਾ, ਹਾਲਾਂਕਿ ਕੱਚੇ ਕਾਮਿਆਂ ਨੂੰ ਪੁਲਿਸ ਵਲੋਂ ਬੱਸ ਸਟੈਂਡ ਨੇੜੇ ਹੀ ਰੋਕ ਲਿਆ ਜਦਕਿ ਪੱਕੇ ਕਾਮੇ ਮਨਪ੍ਰੀਤ ਸਿੰਘ ਬਾਦਲ ਦੇ ਸਮਾਗਮ ਨੇੜਲੀ ਜਗ੍ਹਾਂ ਪੁੱਜਣ ਵਿਚ ਕਾਮਯਾਬ ਹੋ ਗਏ, ਜਿਥੇ ਉਨ੍ਹਾਂ ਭਾਰੀ ਨਾਹਰੇਬਾਜ਼ੀ ਕੀਤੀ। ਪ੍ਰਸ਼ਾਸਨ ਨੇ ਮਾਮਲੇ ਦੀ ਨਜ਼ਾਕਤ ਸਮਝਦਿਆਂ ਕੱਚੇ ਕਾਮਿਆਂ ਨੂੰ ਆਗਾਮੀ 14 ਜਨਵਰੀ ਨੂੰ ਵਿਤ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿਵਾਇਆ ਹੈ। ਸੂਚਨਾ ਮੁਤਾਬਕ ਅੱਜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਥਾਨਕ ਗੋਲ ਡਿੱਗੀ ਕੋਲ ਸਥਿਤ ਇੱਕ ਪ੍ਰਾਈਵੇਟ ਸਕੂਲ 'ਚ ਲੋਹੜੀ ਦੇ ਸਮਾਗਮ ਉਪਰ ਆਉਣਾ ਸੀ। ਉਨ੍ਹਾਂ ਦੀ ਆਮਦ ਹੋਣ ਦਾ ਪਤਾ ਚੱਲਦੇ ਹੀ ਸਥਾਨਕ ਮਿੰਨੀ ਸਕੱਤਰੇਤ ਅੱਗੇ ਪੱਕਾ ਮੋਰਚਾ ਗੱਡੀ ਬੈਠੇ ਕੱਚੇ ਕਾਮਿਆਂ ਨੇ ਅਪਣੇ ਪਹਿਲਾਂ ਕੀਤੇ ਐਲਾਨ ਮੁਤਾਬਕ ਬਾਅਦ ਦੁਪਿਹਰ ਧਰਨੇ ਵਾਲੀ ਥਾਂ ਤੋਂ ਸਕੂਲ ਲਈ ਰੋਸ਼ ਮਾਰਚ ਸ਼ੁਰੂ ਕਰ ਦਿਤਾ। ਪ੍ਰਸ਼ਾਸਨ ਨੂੰ ਇਸਦਾ ਪਤਾ ਲੱਗਦੇ ਹੀ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਭਾਰੀ ਗਿਣਤੀ 'ਚ ਪੁਲਿਸ ਤੈਨਾਤ ਕਰਕੇ ਇੰਨਾਂ ਕਾਮਿਆਂ ਨੂੰ ਸਥਾਨਕ ਬੱਸ ਸਟੈਂਡ ਕੋਲ ਰੋਕਣ ਦਾ ਯਤਨ ਕੀਤਾ। ਦੋਨਾਂ ਧਿਰਾਂ ਵਿਚਕਾਰ ਚੱੱਲਦੇ ਤਨਾਅ ਕਾਰਨ ਕੁੱਝ ਸਮੇਂ ਲਈ ਇਥੇ ਜਾਮ ਵਾਲੀ ਸਥਿਤੀ ਬਣ ਗਈ।