ਤਿੰਨ ਕਾਰਪੋਰੇਸ਼ਨਾਂ ਤੇ 32 ਮਿਊਂਸਪੈਲਟੀ ਚੋਣਾਂ 17 ਦਸੰਬਰ ਨੂੰ

ਖ਼ਬਰਾਂ, ਪੰਜਾਬ

ਚੰਡੀਗੜ੍ਹ, 27 ਨਵੰਬਰ (ਜੀ.ਸੀ. ਭਾਰਦਵਾਜ): ਪਿਛਲੇ ਚਾਰ ਮਹੀਨੇ ਤੋਂ ਲਟਕਾਈਆਂ ਜਾਣ ਵਾਲੀਆਂ ਤਿੰਨ ਕਾਰਪੋਰੇਸ਼ਨਾਂ ਅੰਮ੍ਰਿਤਸਰ, ਜਲੰਧਰ ਤੇ ਪਟਿਆਲਾ ਅਤੇ 32 ਮਿਊਂਸਪਲ ਕਮੇਟੀਆਂ ਦੀਆਂ ਚੋਣਾਂ ਹੁਣ 17 ਦਸੰਬਰ ਨੂੰ ਹੋਣ ਦੀ ਸੰਭਾਵਨਾ ਹੈ। ਇਹ ਚੋਣਾਂ ਇਕੋ ਹੀ ਗੇੜ ਵਿਚ ਯਾਨੀ ਇਕ ਹੀ ਦਿਨ ਵਿਚ ਨਿਬੇੜ ਦਿਤੀਆਂ ਜਾਣਗੀਆਂ। ਇਸ ਸਬੰਧੀ ਬੰਦੋਬਸਤ ਕਰਨ ਅਤੇ ਸੱਤਾਧਾਰੀ ਪਾਰਟੀ ਕਾਂਗਰਸ ਵਲੋਂ ਇਹ ਚੋਣਾਂ ਜਿੱਤਣ ਦੀ ਮਨਸ਼ਾ ਨਾਲ ਮੈਦਾਨ ਵਿਚ ਉਤਾਰਨ ਵਾਲੇ ਉਮੀਦਵਾਰਾਂ ਦੀ ਸੂਚੀ ਤਿਆਰ ਕਰਨ ਲਈ ਸਰਕਾਰ ਤੇ ਪਾਰਟੀ ਨੇ ਦੋ ਕਮੇਟੀਆਂ ਦਾ ਗਠਨ ਕੀਤਾ ਹੈ। ਅੱਜ ਇਥੇ ਕਾਂਗਰਸ ਭਵਨ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਪ੍ਰਧਾਨ ਸੁਨੀਲ ਜਾਖੜ ਅਤੇ ਲੋਕਲ ਬਾਡੀਜ਼ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਦਸਿਆ ਕਿ ਉਮੀਦਵਾਰ ਚੁਣਨ ਲਈ ਸੱਤ ਮੈਂਬਰ ਕਮੇਟੀ ਬਣਾਈ ਹੈ ਜਿਸ ਵਿਚ ਪ੍ਰਧਾਨ ਤੋਂ ਇਲਾਵਾ ਸ. ਲਾਲ ਸਿੰਘ, ਪ੍ਰਨੀਤ ਕੌਰ, ਵਿਜੈ ਇੰਦਰ ਸਿੰਗਲਾ, ਡਾ. ਰਾਜ ਕੁਮਾਰ ਚੱਬੇਵਾਲ, ਕੈਪਟਨ ਸੰਦੀਪ ਸੰਧੂ, ਯੂਥ ਕਾਂਗਰਸ ਦੇ ਅਮਨਪ੍ਰੀਤ ਲਾਲੀ ਤੇ ਹੋਰ ਨੇਤਾ ਹੋਣਗੇ। ਜਥੇਬੰਦਕ ਢਾਂਚਾ ਕਮੇਟੀ ਯਾਨੀ ਬੰਦੋਬਸਤ ਲਈ ਪਟਿਆਲਾ ਵਾਸਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਜਲੰਧਰ ਲਈ ਮੰਤਰੀ ਅਰੁਣਾ ਚੌਧਰੀ

 ਅਤੇ ਐਮਪੀ ਸੰਤੋਖ ਚੌਧਰੀ ਜਦਕਿ ਅੰਮ੍ਰਿਤਸਰ ਕਾਰਪੋਰੇਸ਼ਨ ਲਈ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਲੋਕ ਸਭਾ ਮੈਂਬਰ ਔਜਲਾ ਨੂੰ ਲਗਾਇਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ 20 ਦਸੰਬਰ ਤੋਂ ਪਹਿਲਾਂ-ਪਹਿਲਾਂ ਇਹ ਚੋਣਾਂ ਕਰਵਾ ਲਵਾਂਗੇ ਅਤੇ ਕਾਂਗਰਸ ਸਰਕਾਰ ਨੇ ਸ਼ਹਿਰੀ ਵੋਟਰਾਂ ਕੋਲੋਂ ਪਿਛਲੇ ਅੱਠ ਮਹੀਨੇ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਦੇ ਆਧਾਰ 'ਤੇ ਵੋਟਾਂ ਲੈਣੀਆਂ ਹਨ। ਬਿਜਲੀ ਦਰਾਂ ਵਧਾਉਣ ਅਤੇ ਉਤੋਂ ਸ਼ਹਿਰੀ ਇਲਾਕਿਆਂ ਵਿਚ ਦੋ ਫ਼ੀ ਸਦੀ ਵਾਧੂ ਟੈਕਸ ਲਾਉਣ 'ਤੇ 2500 ਕਰੋੜ ਦਾ ਹੋਰ ਭਾਰ ਪਾਉਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਮੁੜ ਅਕਾਲੀ-ਭਾਜਪਾ ਦੀ ਪੁਰਾਣੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਸਿਰਫ਼ ਕਰਜ਼ਾ ਚੜ੍ਹਾਇਆ, ਕੰਮ ਕੋਈ ਨਹੀਂ ਕੀਤਾ ਅਤੇ ਇਹੀ ਕਹਿਣਾ ਜਾਰੀ ਰਖਿਆ ਕਿ ਕਾਂਗਰਸ ਸਰਕਾਰ ਨੇ ਪੁਰਾਣੇ ਸਾਰੇ ਕੀਤੇ ਗ਼ਲਤ ਫ਼ੈਸਲਿਆਂ ਨੂੰ ਸੁਧਾਰਨ ਲਈ ਵਕਤ ਲਗੇਗਾ। ਲੁਧਿਆਣਾ ਕਾਰਪੋਰੇਸ਼ਨ ਦੀ ਵਾਰਡਬੰਦੀ ਦਾ ਮਸਲਾ ਉਲਝਣ ਅਤੇ ਇਸ ਨੂੰ ਠੀਕ ਕਰਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਆਉਂਦੇ ਮਹੀਨੇ ਇਸ ਨੂੰ ਵੀ ਹੱਲ ਕਰ ਲਿਆ ਜਾਵੇਗਾ। ਅਪਣੇ ਮਹਿਕਮੇ ਦੇ ਸੀਨੀਅਰ ਅਧਿਕਾਰੀ ਬਦਲਣ ਬਾਰੇ ਸਿੱਧੂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਸਾਰਾ ਕੁੱਝ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧਿਕਾਰ ਖੇਤਰ ਵਿਚ ਆਉਂਦਾ ਹੈ।