ਤਿੰਨ ਟਰੱਕਾਂ ਦੀ ਟੱਕਰ ਵਿਚ ਔਰਤ ਹਲਾਕ, ਤਿੰਨ ਗੰਭੀਰ ਜ਼ਖ਼ਮੀ

ਖ਼ਬਰਾਂ, ਪੰਜਾਬ

ਭੁਨਰਹੇੜੀ, 29 ਦਸੰਬਰ (ਗੁਰਜੀਤ ਸਿੰਘ ਉਲਟਪੁਰ) : ਅੱਜ ਸਵੇਰੇ ਪਟਿਆਲਾ-ਚੀਕਾ ਮੁੱਖ ਮਾਰਗ 'ਤੇ ਸਥਿਤ ਕਸਬਾ ਬਲਬੇੜ੍ਹਾ ਵਿਖੇ ਕਰਹਾਲੀ ਮੌੜ 'ਤੇ ਸੰਘਣੀ ਧੁੰਦ ਕਾਰਨ ਹੀ ਤਿੰਨ ਟਰੱਕਾਂ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸੇ ਦੌਰਾਨ ਇਕ ਔਰਤ ਦੀ ਮੌਤ, ਦੋ ਔਰਤਾਂ ਤੇ ਇਕ ਟੱਰਕ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ ਹੈ।ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਨੌ ਕੁ ਵਜੇ ਮੁੱਖ ਮਾਰਗ ਤੇ ਪਟਿਆਲਾ ਵਾਲੀ ਸਾਈਡ ਤੋਂ ਇਕ ਟਰੱਕ (ਪੀ.ਬੀ.11 ਸੀ. ਐੱਫ 3069) ਜੋ ਬਜਰੀ ਦਾ ਭਰਿਆ ਸੀ ਤੇ ਹਰਿਆਣਾ ਦੇ ਕਸਬਾ ਚੀਕਾ ਨੂੰ ਜਾ ਰਿਹਾ ਸੀ ਤੇ ਇਸ ਦੇ ਪਿੱਛੇ ਹੀ ਇਕ ਟਰੱਕ (ਐੱਚ.ਆਰ. 3413) ਆ ਰਿਹਾ ਸੀ ਤੇ ਟਰੱਕ ਵਿਚ ਬਿਲਾਸਪੁਰ ਅੱਡੇ ਤੋ ਤਿੰਨ ਔਰਤਾਂ ਨੇ ਲਿਫ਼ਟ ਲਈ ਜੋ ਕਿਸੇ ਪੈਲਸ ਵਿਚ ਮਜ਼ਦੂਰੀ ਕਰਨ ਲਈ ਜਾ ਰਹੀ ਸਨ। ਪ੍ਰੰਤੂ ਜਦੋਂ ਇਹ ਟਰੱਕ ਕਸਬਾ ਬਲਬੇੜ੍ਹਾ ਵਿਖੇ ਕਰਹਾਲੀ ਮੋੜ ਨੇੜੇ ਅੱਗੇ ਜਾ ਰਹੇ ਟਰੱਕ ਨੂੰ 

ਓਵਰਟੈਕ ਕਰਨ ਦੌਰਾਨ ਸਾਹਮਣੇ ਤੋ ਆ ਰਹੇ ਟਰੱਕ (ਪੀ.ਬੀ.11ਐੱਫ 9130) ਨਾਲ ਟੱਕਰ ਹੋ ਗਈ। ਪਿਛੋਂ ਤੋਂ ਆਉਂਦਾ ਟੱਰਕ ਵੀ ਇਨ੍ਹਾਂ ਵਿਚਕਾਰ ਜਾ ਟਕਰਾਇਆ। ਤਿੰਨਾਂ ਟਰੱਕਾਂ ਦੀ ਟੱਕਰ ਵਿਚ ਇਕ ਔਰਤ ਹੰਸੋ (40) ਪਤਨੀ ਜੰਮੂ ਰਾਮ ਦੀ ਮੌਤ ਹੋ ਗਈ ਤੇ ਬਿੰਦਰ ਕੌਰ (35), ਨਿੰਦਰੋ (45) ਤੇ ਇਕ ਟਰੱਕ ਦਾ ਡਰਾਈਵਰ ਜਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਕੀ ਬਲਬੇੜ੍ਹਾ ਦੇ ਇੰਚਾਰਜ ਬਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁਜ ਕੇ ਲੋਕਾਂ ਦੀ ਮਦਦ ਨਾਲ ਜਖ਼ਮੀ ਵਿਅਕਤੀਆਂ ਨੂੰ ਟਰੱਕਾਂ ਵਿਚੋਂ ਕੱਢਿਆ ਗਿਆ ਤੇ ਇਲਾਜ ਲਈ ਪਟਿਆਲਾ ਦੇ ਰਜਿੰਦਰਾ  ਹਸਪਤਾਲ ਵਿਖੇ ਭੇਜਿਆ ਗਿਆ। ਏ.ਐੱਸ.ਆਈ. ਬਲਜੀਤ ਸਿੰਘ ਨੇ ਦਸਿਆ ਕਿ ਇਸ ਹਾਦਸੇ ਦੌਰਾਨ ਓਵਰਟੈਕ ਕਰਨ ਵਾਲੇ ਟਰੱਕ ਡਰਾਈਵਰ ਕਰਮਜੀਤ ਸਿੰਘ ਮਲਕਪੁਰ ਗੁਹਲਾ (ਕੈਥਲ) ਵਿਰੁਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਸੀ।