ਚੰਡੀਗੜ੍ਹ, 17 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸੂਬੇ ਦੀ ਨਵੀਂ ਸਨਅਤੀ ਨੀਤੀ ਦਾ ਸਵਾਗਤ ਕਰਦੇ ਹੋਏ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਲੀਹੋਂ ਹਟਵੀਂ ਪਹਿਲਕਦਮੀ ਦਸਿਆ, ਜੋ ਨਿਵੇਸ਼ਕਾਂ 'ਚ ਭਰੋਸਾ ਬਹਾਲ ਕਰਨ ਦੇ ਨਾਲ-ਨਾਲ ਸੂਬੇ ਦੇ ਉਦਯੋਗ ਨੂੰ ਵੀ ਸੁਰਜੀਤ ਕਰੇਗੀ।
ਇਕ ਪ੍ਰੈੱਸ ਬਿਆਨ 'ਚ ਨਵੀਂ ਸਨਅਤੀ ਨੀਤੀ ਦੀ ਸ਼ਲਾਘਾ ਕਰਦੇ ਹੋਏ ਜਾਖੜ ਨੇ ਉਦਯੋਗ ਨੂੰ ਦਰਪੇਸ਼ ਸਮੱਸਿਆਵਾਂ ਦੇ ਖ਼ਾਤਮੇ ਲਈ ਇਸ ਨਵੀਂ ਨੀਤੀ ਨੂੰ ਇਕ ਸ਼ਕਤੀਸ਼ਾਲੀ ਹਥਿਆਰ ਦਸਿਆ, ਕਿਉਂਕਿ ਸੂਬੇ ਦੇ ਉਦਯੋਗ ਦੀ ਪਿਛਲੇ 10 ਸਾਲਾਂ ਤੋਂ ਹਾਲਤ ਡਾਵਾਂ-ਡੋਲ ਹੋਈ ਪਈ ਸੀ। ਉਨ੍ਹਾਂ ਕਿਹਾ ਕਿ ਇਹ ਵਿਆਪਕ ਅਤੇ ਸੁਚੱਜੀ ਨੀਤੀ ਤਿਆਰ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਇਕ ਹੋਰ ਪ੍ਰਮੁੱਖ ਵਾਅਦਾ ਪੂਰਾ ਕਰ ਦਿਤਾ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਮੰਤਰੀ ਮੰਡਲ ਨੇ ਇਸ ਨੀਤੀ ਨੂੰ ਪ੍ਰਵਾਨਗੀ ਦੇ ਕੇ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਸਮੇਂ ਸਿਰ ਦੀਵਾਲੀ ਦਾ ਤੋਹਫ਼ਾ ਦਿਤਾ ਹੈ, ਕਿਉਂਕਿ ਇਹ ਬਿਜ਼ਨਸ ਦੇ ਢਹਿ-ਢੇਰੀ ਹੋਣ ਤੋਂ ਬਾਅਦ ਬਹੁਤ ਜ਼ਿਆਦਾ ਸਾਯੂਸੀ 'ਚ ਰਹਿ ਰਹੇ ਸਨ। ਸ੍ਰੀ ਜਾਖੜ ਨੇ ਕਿਹਾ ਕਿ ਇਸ ਰਣਨੀਤਕ ਦਸਤਾਵੇਜ਼ ਦੀਆਂ ਵਿਵਸਥਾਵਾਂ ਦਾ ਮਕਸਦ ਸਪਸ਼ਟ ਤੌਰ 'ਤੇ ਇਸ ਪ੍ਰਣਾਲੀ 'ਚ ਆਸ਼ਾਵਾਦੀ ਭਾਵਨਾ ਨੂੰ ਭਰਨਾ ਹੈ। ਸ੍ਰੀ ਜਾਖੜ ਨੇ ਕਿਹਾ ਕਿ 1 ਨਵੰਬਰ ਤੋਂ ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣ ਦਾ ਵਾਅਦਾ ਪੂਰਾ ਕਰ ਕੇ ਸੂਬਾ ਸਰਕਾਰ ਨੇ ਬਿਜ਼ਨੈਸ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦਾ ਵਾਤਾਵਰਣ ਤਿਆਰ ਕਰਨ ਲਈ ਇਕ ਮੰਚ ਮੁਹੱਈਆ ਕਰਵਾ ਦਿਤਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਤੋਂ ਤਬਦੀਲ ਹੋਈ ਸਨਅਤ ਨੂੰ ਮੁੜ ਵਾਪਸ ਲਿਆਉਣ 'ਚ ਵੀ ਇਸ ਨੀਤੀ ਨਾਲ ਮਦਦ ਮਿਲੇਗੀ।ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਛੇਤੀ ਬਾਅਦ ਇਸ ਅਜਾਰੇਦਾਰੀ ਵਾਲੇ ਸੱਭਿਆਚਾਰ ਨੂੰ ਖ਼ਤਮ ਕਰ ਦਿਤਾ, ਜਿਸ ਨੇ ਸੂਬੇ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿਤਾ ਸੀ। ਉਨ੍ਹਾਂ ਕਿਹਾ ਕਿ ਨਵੀਂ ਸਨਅਤੀ ਨੀਤੀ ਇਸ ਪ੍ਰਣਾਲੀ ਨੂੰ ਅੱਗੇ ਹੋਰ ਦਰੁਸਤ ਕਰੇਗੀ ਅਤੇ ਵਿਕਾਸ ਲਈ ਲੋੜੀਂਦੇ ਬਰਾਬਰੀ ਦੇ ਮੌਕੇ ਮੁਹਈਆ ਕਰਵਾਏਗੀ।ਸ੍ਰੀ ਜਾਖੜ ਨੇ ਕਿਹਾ ਕਿਐਮ.ਐਸ.ਐਮ.ਈ. ਦੀ ਸੁਰਜੀਤੀ ਤੋਂ ਇਲਾਵਾ ਨਵੀਂ ਨੀਤੀ 'ਚ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੀ ਸੁਰਜੀਤੀ 'ਤੇ ਵੀ ਜ਼ੋਰ ਦਿਤਾ ਗਿਆ ਹੈ ਜੋ ਕਿ ਕੁਝ ਵਰ੍ਹੇ ਪਹਿਲਾਂ ਤਕ ਸੂਬੇ ਦੇ ਉਦਯੋਗਿਕ ਵਿਕਾਸ ਦੀ ਰੀੜ੍ਹ ਦੀ ਹੱਡੀ ਸਨ। ਇਸ ਦੇ ਨਾਲ ਹੀ ਹੁਨਰ ਵਿਕਾਸ 'ਤੇ ਵਿਸ਼ੇਸ਼ ਜ਼ੋਰ ਦਿਤਾ ਗਿਆ ਹੈ, ਜਿਸ ਦੇ ਨਾਲ ਉਦਮੀਆਂ ਨੂੰ ਅਪਣੇ ਕਾਰਜਾਂ ਲਈ ਉਤਸ਼ਾਹ ਮਿਲੇਗਾ। ਅਜਿਹਾ ਕਰ ਕੇ ਸੂਬਾ ਸਰਕਾਰ ਨੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਸੰਬੋਧਤ ਹੋਣ ਦੀ ਕੋਸ਼ਿਸ਼ ਕੀਤੀ ਹੈ।ਸ੍ਰੀ ਜਾਖੜ ਨੇ ਸੂਬੇ ਵਿਚਲੇ ਅਤੇ ਸੂਬੇ ਤੋਂ ਬਾਹਰਲੇ ਉਦਯੋਗਾਂ ਨੂੰ ਸੂਬਾ ਸਰਕਾਰ ਦੀ ਇਸ ਨੀਤੀ ਤੋਂ ਮੌਕਾ ਉਠਾਉਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਅਪਣੇ, ਸੂਬੇ ਦੇ ਅਤੇ ਇਥੋਂ ਦੇ ਲੋਕਾਂ ਦੇ ਫਾਇਦੇ ਵਾਸਤੇ ਸੂਬੇ 'ਚ ਨਿਵੇਸ਼ ਕਰਨ ਦਾ ਸੱਦਾ ਦਿਤਾ ਹੈ।