ਫਿਰੋਜ਼ਪੁਰ : ਡਰੱਗ ਤਸਕਰ ਆਪਣੀਆਂ ਸਰਗਰਮੀਆਂ ਵਧਾਉਣ ਲਈ ਤਰ੍ਹਾਂ-ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੇ ਹਨ। ਪਾਕਿਸਤਾਨੀ ਤਸਕਰਾਂ ਵੱਲੋਂ ਹੈਰੋਇਨ ਤਸਕਰੀ ਦੇ ਲਈ ਹੁਣ ਸੋਸ਼ਲ ਮੀਡੀਆ ਦੀ ਵੀ ਖ਼ੂਬ ਦੁਰਵਰਤੋਂ ਕੀਤੀ ਜਾ ਰਹੀ ਹੈ। ਪਾਕਿਸਤਾਨੀ ਡਰੱਗ ਤਸਕਰ ਭਾਰਤੀ ਤਸਕਰਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਵੱਖ-ਵੱਖ ਤਰ੍ਹਾਂ ਦੇ ਵੀਡੀਓ ਭੇਜ ਕੇ ਉਨ੍ਹਾਂ ਨੂੰ ਤਸਕਰੀ ਕਰਨ ਦੇ ਨਵੇਂ-ਨਵੇਂ ਤਰੀਕੇ ਸਿਖਾ ਰਹੇ ਹਨ। ਬੀਤੇ ਦਿਨੀਂ ਕਾਊਂਟਰ ਇੰਟੈਲੀਜੈਂਸ ਵੱਲੋਂ ਫੜੇ ਗਏ ਤਸਕਰ ਗੁਰਦੀਪ ਉਰਫ਼ ਗਿਪਨ ਵੱਲੋਂ ਇਹ ਹੈਰਾਨੀਜਨਕ ਖ਼ੁਲਾਸਾ ਕੀਤਾ ਗਿਆ ਹੈ।
ਗੁਰਦੀਪ ਨੇ ਖ਼ੁਦ ਪਾਕਿਸਤਾਨੀ ਤਸਕਰ ਅਕਬਰ ਤੋਂ ਡੇਢ ਮਿੰਟ ਦੀ ਵੀਡੀਓ ਵਾਟਸਐਪ 'ਤੇ ਮੰਗਵਾ ਕੇ ਥਰਮਸ ਵਿਚ ਹੈਰੋਇਨ ਛੁਪਾਉਣਾ ਸਿਖਾਇਆ ਸੀ। ਇਸ ਤਰੀਕੇ ਨਾਲ ਉਹ ਲੰਬੇ ਸਮੇਂ ਤੱਕ ਬੀਐੱਸਐੱਫ ਦੀਆਂ ਅੱਖਾਂ ਵਿਚ ਘੱਟਾ ਪਾਉਂਦਾ ਰਿਹਾ। ਕਾਊਂਟਰ ਇੰਟੈਲੀਜੈਂਸ ਗੁਰਦੀਪ ਤੋਂ ਉਹ ਵੀਡੀਓ ਵੀ ਬਰਾਮਦ ਕਰ ਲਿਆ ਗਿਆ ਹੈ। ਤਸਕਰ ਗੁਰਦੀਪ ਦੇ ਮੋਬਾਈਲ ਦੀ ਕੰਟੈਕਟ ਸੂਚੀ 'ਚ ਪਾਕਿਸਤਾਨ ਦੇ ਲਗਭਗ ਇੱਕ ਦਰਜਨ ਤਸਕਰਾਂ ਦੇ ਨੰਬਰ ਮਿਲੇ ਹਨ।
ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਥਰਮਸ ਦੇ ਹੇਠਾਂ ਵਾਲੇ ਹਿੱਸੇ ਦਾ ਢੱਕਣ ਖੋਲ੍ਹ ਕੇ ਉਸ ਤੋਂ ਥਰਮੋਕੋਲ ਕੱਢ ਕੇ ਰੂੰ ਭਰ ਦੇਣ ਅਤੇ ਢੱਕਣ ਫਿਰ ਬੰਦ ਕਰ ਦੇਣ। ਗੁਰਦੀਪ ਇਸ ਤਰੀਕੇ ਨੂੰ ਅਪਣਾ ਕੇ ਬਲਵਿੰਦਰ ਦੇ ਨਾਲ ਮਿਲ ਕੇ ਖੇਤ ਜਾਂਦਾ ਸੀ ਅਤੇ ਬੀਐੱਸਐੱਫ ਦੇ ਜਵਾਨਾਂ ਨੂੰ ਚਾਹ ਨਾਲ ਭਰੀ ਥਰਮਸ ਦਿਖਾ ਕੇ ਤਾਰਬੰਦੀ ਦੇ ਪਾਰ ਚਲਿਆ ਜਾਂਦਾ। ਵਾਪਸੀ ਵੇਲੇ ਥਰਮਸ ਵਿਚ ਭਰੀ ਹੋਈ ਰੂੰ ਕੱਢ ਕੇ ਉਸ ਵਿਚ ਹੈਰੋਇਨ ਭਰ ਦਿੰਦੇ ਸਨ ਅਤੇ ਜਵਾਨਾਂ ਨੂੰ ਖਾਲੀ ਥਰਮਸ ਦਿਖਾ ਦਿੰਦੇ ਸਨ। ਇੰਝ ਉਹ ਆਸਾਨੀ ਨਾਲ ਨਿਕਲ ਜਾਂਦੇ ਸਨ।
ਬੀਐੱਸਐੱਫ ਅਨੁਸਾਰ ਜਿਸ ਪਾਕਿਸਤਾਨ ਤਸਕਰ ਦੇ ਨਾਲ ਗੁਰਦੀਪ ਦਾ ਸੰਪਰਕ ਸੀ, ਉਸ ਦਾ ਪਿੰਡ ਹਾਕੂਵਾਲਾ ਜ਼ੀਰੋ ਲਾਈਨ ਤੋਂ ਮਹਿਜ਼ 50 ਮੀਟਰ ਅੱਗੇ ਤੋਂ ਸ਼ੁਰੂ ਹੋ ਜਾਂਦਾ ਹੈ। ਉੱਥੇ ਪਾਕਿਸਤਾਨੀ ਰੇਂਜਰਾਂ ਦਾ ਜ਼ਿਆਦਾ ਪਹਿਰਾ ਨਾ ਹੋਣ ਨਾਲ ਤਸਕਰ ਰਾਤ ਨੂੰ ਆਸਾਨੀ ਨਾਲ ਹੈਰੋਇਨ ਭਾਰਤੀ ਸਰਹੱਦ ਵਿਚ ਸੁੱਟ ਦਿੰਦੇ ਹਨ। ਭਾਰਤੀ ਸਰਹੱਦ ਵਿਚ ਜ਼ੀਰੋ ਲਾਈਲ ਦੇ ਲਾਗੇ ਬਲਵਿੰਦਰ ਦੀ ਜ਼ਮੀਨ ਹੈ, ਜਿਸ ਨੂੰ ਤਸਕਰਾਂ ਨੇ ਆਪਣੇ ਨਾਲ ਮਿਲਾ ਲਿਆ ਸੀ।
ਫੜੇ ਗਏ ਤਸਕਰ ਗੁਰਦੀਪ ਅਤੇ ਰਣਜੀਤ ਨੇ ਦੱਸਿਆ ਕਿ ਹੁਣ ਵੀ ਬਲਵਿੰਦਰ ਦੇ ਖੇਤ ਵਿਚ ਇੱਕ ਥਰਮਸ ਵਿਚ ਹੈਰੋਇਨ ਰੱਖੀ ਗਈ ਸੀ, ਜਿਸ ਨੂੰ ਕਾਊਂਟਰ ਇੰਟੈਲੀਜੈਂਸ ਨੇ ਬਰਾਮਦ ਕਰ ਲਿਆ ਹੈ। ਸ਼ਨੀਵਾਰ ਰਾਤ ਪਾਕਿਸਤਾਨੀ ਤਸਕਰਾਂ ਵੱਲੋਂ ਇੱਕ ਕਿਲੋ ਹੈਰੋਇਨ ਭੇਜੀ ਜਾਣੀ ਸੀ। ਹੈਰੋਇਨ ਤਸਕਰਾਂ ਨੇ ਖੇਤ ਦੇ ਮਾਲਕ ਬਲਵਿੰਦਰ ਸਿੰਘ ਨੂੰ ਲਾਲਚ ਦਿੱਤਾ ਕਿ ਉਸ ਨੂੰ ਪਾਕਿਸਤਾਨ ਤੋਂ ਪਿਸਟਲ ਮੰਗਵਾ ਕੇ ਦੇਵਾਂਗੇ ਅਤੇ ਪ੍ਰਤੀ ਖੇਪ 30 ਤੋਂ 40 ਹਜ਼ਾਰ ਰੁਪਏ ਵੀ ਦਿੱਤੇ ਜਾਣਗੇ। ਉਸ ਦਿਨ ਵੀ ਉਹ ਕਣਕ ਦੀ ਫ਼ਸਲ ਵਿਚ ਯੂਰੀਆ ਪਾਉਣ ਦੇ ਬਹਾਨੇ ਤਾਰਬੰਦੀ ਦੇ ਪਾਰ ਗਏ ਅਤੇ ਉੱਥੇ ਥਰਮਸ ਛੁਪਾ ਦਿੱਤੀ। ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਨਰਿੰਦਰਪਾਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਤਸਕਰ ਗੁਰਦੀਪ ਦੇ ਮੋਬਾਈਲ ਦੇ ਡਾਟਾ ਦੀ ਜਾਂਚ ਆਈਟੀ ਮਾਹਿਰ ਤੋਂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।