ਵਾਹਗਾ ਬਾਰਡਰ ਰਾਹੀਂ ਹੁੰਦਾ ਵਪਾਰ ਦਮ ਤੋੜਨ ਲੱਗਾ

ਖ਼ਬਰਾਂ, ਪੰਜਾਬ

ਚੰਡੀਗੜ੍ਹ, 30 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਹਿੰਦੁਸਤਾਨ ਅਤੇ ਪਾਕਿਸਤਾਨ ਵਿਚਕਾਰ ਕਈ ਸਾਲਾਂ ਤੋਂ ਵਾਹਗਾ ਬਾਰਡਰ ਰਾਹੀਂ ਚਲ ਰਹੇ ਵਪਾਰ ਨੇ ਦਮ ਤੋੜਨਾ ਸ਼ੁਰੂ ਕਰ ਦਿਤਾ ਹੈ। ਬਾਰਡਰ 'ਤੇ ਕੰਮ ਕਰਦੇ ਕਈ ਮਾਫ਼ੀਆ ਗਰੁਪਾਂ ਦੀ ਕਰੋਪੀ ਕਾਰਨ ਵਪਾਰੀ ਤਬਕਾ ਇਸ ਰਸਤੇ ਰਾਹੀਂ ਵਪਾਰ ਕਰਨ ਤੋਂ ਕੰਨੀ ਕਤਰਾਉਣ ਲੱਗ ਗਿਆ ਹੈ।
ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਕਿਸੇ ਸਮੇਂ ਹਰ ਰੋਜ਼ ਇਸ ਬਾਰਡਰ ਰਾਹੀਂ ਕੋਈ 100 ਦੇ ਕਰੀਬ ਟਰੱਕ ਪਾਕਿਸਤਾਨ ਲਈ ਸਮਾਨ ਲੈ ਕੇ ਜਾਂਦੇ ਸਨ, ਹੁਣ ਇਨ੍ਹਾਂ ਦੀ ਗਿਣਤੀ ਸਿਰਫ਼ 5-7 ਹੀ ਰਹਿ ਗਈ ਹੈ। ਇਕ ਸਮਾਂ ਸੀ ਜਦੋਂ ਇਸ ਰਸਤੇ ਰਾਹੀਂ ਹੁੰਦੇ ਵਪਾਰ ਮਾਤਰਾ 5000 ਕਰੋੜ ਰੁਪਏ ਦੇ ਆਸਪਾਸ ਪਹੁੰਚ ਗਈ ਸੀ ਪਰ ਹੁਣ ਇਹ ਘਟ ਕੇ 3200 ਕਰੋੜ ਦੇ ਆਸ-ਪਾਸ ਪਹੁੰਚ ਗਈ ਹੈ। ਕਹਿਣ ਤੋਂ ਭਾਵ ਤਕਰੀਬਨ 40 ਫ਼ੀ ਸਦੀ ਵਪਾਰ ਘਟ ਗਿਆ ਹੈ। ਵਪਾਰ ਘਟਣ ਦੇ ਦੋ ਕਾਰਨ ਦਸੇ ਜਾ ਰਹੇ ਹਨ। ਪਹਿਲਾਂ ਤਾਂ ਟਰੱਕਾਂ ਵਾਲਿਆਂ ਵਲੋਂ ਵਪਾਰੀਆਂ ਕੋਲੋਂ ਸਮਾਨ ਦੀ ਢੋਆ-ਢੋਆਈ ਲਈ ਮੂੰਹ ਮੰਗੇ ਪੈਸੇ ਲੈਣਾ ਹੈ। ਇਕ ਵਪਾਰੀ ਨੇ ਕਿਹਾ ਕਿ ਕਈ ਵਾਰੀ ਕਿਰਾਇਆ ਲੱਖਾਂ ਰੁਪਏ ਵਿਚ ਮੰਗ ਲਿਆ ਜਾਂਦਾ ਹੈ, ਜਿਸ ਦੀ ਮਾਰ ਵਪਾਰੀ ਨਹੀਂ ਝੱਲ ਸਕਦੇ।
ਦੂਜਾ ਕਾਰਨ ਮਜ਼ਦੂਰੀ ਦਾ ਰੇਟ ਜ਼ਿਆਦਾ ਹੈ। ਕਿਹਾ ਜਾ ਰਿਹਾ ਹੈ ਕਿ ਸੀਮਿੰਟ ਦੀ ਬੋਰੀ ਦੀ ਉਤਰਾਈ-ਚੜ੍ਹਾਈ ਦੇ 10 ਰੁਪਏ ਪ੍ਰਤੀ ਬੋਰੀ ਹੈ ਜਦੋਂ ਕਿ ਕੈਮੀਕਲ ਦੀ ਬੋਰੀ ਦੇ 12 ਰੁਪਏ ਤਕ ਦਾ ਰੇਟ ਹੈ। ਤਕਰੀਬਨ ਇਕ ਟਰੱਕ ਦੀ ਲੋਡਿੰਗ 'ਤੇ ਹੀ 35000 ਰੁਪਏ ਲਗ ਜਾਂਦੇ ਹਨ। ਦੂਸਰੇ ਪਾਸੇ ਨਜ਼ਦੀਕ ਹੀ ਮਾਨਾਂ  ਵਾਲੇ ਪਿੰਡ ਵਿਚ ਏਸੀਸੀ ਸੀਮਿੰਟ ਦਾ ਡੰਪ ਹੈ, ਜਿਥੇ ਬੋਰੀ ਦੀ ਉਤਰਾਈ-ਚੜ੍ਹਾਈ ਦਾ ਰੇਟ ਸਿਰਫ਼ ਇਕ ਰੁਪਏ ਪ੍ਰਤੀ ਬੋਰੀ ਹੈ।
ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼, ਗੁਜਰਾਤ ਤੋਂ ਬਹੁਤ ਸਾਰੇ ਵਪਾਰੀ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਚੀਜ਼ਾਂ-ਵਸਤਾਂ ਭੇਜਣ ਨੂੰ ਤਰਜੀਹ ਦਿੰਦੇ ਸਨ, ਪਰ ਹੁਣ ਉਹ ਮੁੜ ਸਮੁੰਦਰੀ ਰਸਤੇ ਰਾਹੀਂ ਵਪਾਰ ਕਰਨ ਲੱਗ ਗਏ ਹਨ। ਹੁਣ ਪਾਕਿਸਤਾਨ ਵਾਹਗੇ ਰਾਹੀਂ ਤਿੰਨ ਮੁੱਖ ਚੀਜ਼ਾਂ ਜਿੰਨ੍ਹਾਂ ਵਿਚ ਕਪਾਹ, ਧਾਗਾ, ਅਤੇ ਪਲਾਸਟਿਕ ਦੇ ਦਾਣੇ ਭੇਜੇ ਜਾਂਦੇ ਹਨ, ਜਦੋਂ ਕਿ ਪਹਿਲਾਂ ਆਲੂ, ਗੰਢੇ, ਲੱਸਣ, ਟਮਾਟਰ, ਅਦਰਕ ਅਤੇ ਹੋਰ ਬਹੁਤ ਕੁਝ ਇਸ ਰਸਤੇ ਪਾਕਿਸਤਾਨ ਜਾਂਦਾ ਸੀ।
ਦੱਸਣਯੋਗ ਹੈ ਕਿ ਜਦੋਂ ਇਸ ਰਸਤੇ ਵਪਾਰ ਖੁਲ੍ਹਿਆ ਸੀ ਤਾਂ ਪੰਜਾਬੀਆਂ ਨੇ ਵੱਡੇ  ਪੱਧਰ 'ਤੇ ਖ਼ੁਸ਼ੀ ਮਨਾਈ ਸੀ, ਕਿਉਂਕਿ ਉਨ੍ਹਾਂ ਲਈ ਇਕ ਜ਼ਮੀਨੀ ਰਸਤੇ ਰਾਹੀਂ ਵਪਾਰ ਕਰਨ ਦਾ ਦਰਵਾਜ਼ਾ ਖੁੱਲ੍ਹ ਗਿਆ ਸੀ। ਇਸ ਰਸਤੇ ਰਾਹੀਂ ਵਪਾਰ ਤੋਂ ਪਹਿਲਾਂ ਸਿਰਫ਼ ਸਮੁੰਦਰੀ ਰਸਤੇ ਰਾਹੀਂ ਹੀ ਕਰਾਚੀ ਨੂੰ ਚੀਜ਼ਾਂ/ਵਸਤਾਂ ਭੇਜੀਆਂ ਜਾਂਦੀਆਂ ਸਨ ਜਾਂ ਫਿਰ ਬਹੁਤਾ ਵਪਾਰ ਦੁਬਈ ਦੇ ਰਸਤੇ ਹੁੰਦਾ ਸੀ।