ਵੱਖ-ਵੱਖ ਥਾਵਾਂ 'ਤੇ ਤਿੰਨ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਖ਼ਬਰਾਂ, ਪੰਜਾਬ


ਮਾਨਸਾ/ਝੁਨੀਰ, 9 ਸਤੰਬਰ (ਸੁਖਜਿੰਦਰ ਸਿੱਧੂ, ਮਿੱਠੂ ਘੁਰਕਣੀ) : ਬੀਤੀ ਰਾਤ ਪਿੰਡ ਕੋਟਧਰਮੂ ਦੇ ਗ਼ਰੀਬ ਕਿਸਾਨ ਗੁਰਦੀਪ ਸਿੰਘ ਉਰਫ਼ ਲੱਖਾ ਉਮਰ 34 ਸਾਲ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ ਇਸ ਸਮੇਂ ਪੰਜਾਬ ਕਿਸਾਨ ਯੂਨੀਅਨ ਦੇ ਪਿੰਡ ਇਕਾਈ ਪ੍ਰਧਾਨ ਦਰਸ਼ਨ ਸਿੰਘ ਅਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਤਹਿਸੀਲ ਆਗੂ ਕਾਮਰੇਡ ਸੁਰਜੀਤ ਹੈਪੀ ਨੇ ਦਸਿਆ ਕਿ ਗੁਰਦੀਪ ਸਿੰਘ ਦੇ ਸਿਰ ਬੈਂਕ ਦਾ 7 ਲੱਖ ਦੇ ਕਰੀਬ ਸਰਕਾਰੀ ਅਤੇ 4 ਲੱਖ ਦੇ ਕਰੀਬ ਪ੍ਰਾਈਵੇਟ ਕਰਜ਼ੇ ਸੀ। ਬੈਂਕ ਵਲੋਂ ਵਿਆਜ਼ ਨਹੀਂ ਭਰਾਇਆ ਜਾ ਰਿਹਾ ਸੀ ਜਿਸ ਕਾਰਨ ਡਿਫ਼ਾਲਟਰ ਹੋਣ ਕਾਰਨ ਫ਼ੋਟੋ ਲੱਗਣ ਦੇ ਡਰ ਤੋਂ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਹ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਇਆ। ਮ੍ਰਿਤਕ 2 ਏਕੜ ਜ਼ਮੀਨ ਵਾਹ ਕੇ ਗੁਜ਼ਾਰਾ ਕਰਦਾ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨ ਦਾ ਸਮੱਚਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪਰਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿਤੀ ਜਾਵੇ।

ਬਠਿੰਡਾ ਤੋਂ ਦੀਪਕ ਸ਼ਰਮਾ ਅਨੁਸਾਰ: ਇਕ ਹੋਰ ਕਿਸਾਨ ਨੇ ਕਰਜ਼ੇ ਦੇ ਬੋਝ ਕਾਰਨ ਦੁਖੀ ਹੋ ਕੇ ਆਤਮ ਹਤਿਆ ਕਰ ਲਈ। ਪਿੰਡ ਆਕਲੀਆ ਕਲਾਂ ਦੇ ਗੁਰਬੇਗ ਸਿੰਘ (42) ਨੇ ਅਪਣੇ ਖੇਤ ਵਿਚ ਜਾ ਕੇ ਕੋਈ ਜ਼ਹਿਰੀਲੀ ਦਵਾਈ ਪੀ ਲਈ।

ਬੀਤੀ ਰਾਤੀ ਕਰੀਬ ਉਹ ਸਾਢੇ 12 ਵਜੇ ਘਰੋਂ ਇਹ ਕਹਿ ਕੇ ਖੇਤ ਚਲਾ ਗਿਆ ਕਿ ਉਹ ਖੇਤ ਪਾਣੀ ਲਾਉਣ ਜਾ ਰਿਹਾ ਹੈ, ਪਰ ਜਦੋਂ ਸਵੇਰੇ ਦਿਨ ਚੜ੍ਹਦੇ ਤਕ ਉਹ ਘਰ ਨਾ ਪੁੱਜਾ ਤਾਂ ਉਸ ਦੇ ਪੁੱਤਰ ਨੇ ਖੇਤ ਜਾ ਕੇ ਵੇਖਿਆ ਕਿ ਉਸ ਦਾ ਪਿਤਾ ਇਕ ਮੰਜੇ 'ਤੇ ਪਿਆ ਹੈ ਤੇ ਉਸ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ ਤੇ ਉਸ ਦੇ ਮੰਜੇ ਕੋਲ ਹੀ ਇਕ ਕੀਟਨਾਸ਼ਕ ਦਵਾਈ ਵਾਲਾ ਡੱਬਾ ਵੀ ਪਿਆ ਸੀ ਜਿਸ ਤੋਂ ਸਾਫ਼ ਹੋਇਆ ਕਿ ਉਸ ਨੇ ਇਹ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕੀਤੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਗੁਰਬੇਗ ਸਿੰਘ ਦੇ ਸਿਰ ਬੈਂਕ ਦੀ ਲਿਮਟ ਦਾ 8 ਲੱਖ, ਆੜ੍ਹਤੀਆਂ ਦਾ 3 ਲੱਖ ਤੇ ਸਹਿਕਾਰੀ ਸਭਾ ਦਾ ਕਰੀਬ 1 ਲੱਖ ਰੁਪਇਆ ਕਰਜ਼ਾ ਸੀ, ਪਰ ਉਸ ਦੀ ਸਾਢੇ 6 ਕੁ ਏਕੜ ਜ਼ਮੀਨ ਵਿਚੋਂ ਹਮੇਸ਼ਾ ਮਾੜੀ ਫ਼ਸਲ ਹੀ ਉਸ ਦੀ ਝੋਲੀ ਪੈਂਦੀ ਰਹੀ ਜਿਸ ਕਾਰਨ ਉਹ ਇਹ ਕਰਜ਼ਾ ਨਹੀਂ ਉਤਾਰ ਸਕਿਆ ਤੇ ਉਸ ਨੇ ਇਸ ਪ੍ਰੇਸ਼ਾਨੀ ਕਾਰਨ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਅਪਣੇ ਪਿੱਛੇ ਪਤਨੀ ਦੋ ਲੜਕੇ ਤੇ ਇਕ ਲੜਕੀ ਛੱਡ ਗਿਆ ਹੈ।

ਮਲੋਟ ਤੋਂ ਹਰਦੀਪ ਸਿੰਘ ਖ਼ਾਲਸਾ ਅਨੁਸਾਰ: ਆਰਥਕ ਤੰਗੀ ਦੇ ਚਲਦਿਆਂ ਪਿੰਡ ਦਾਨੇਵਾਲਾ ਦੇ 28 ਵਰ੍ਹਿਆਂ ਦੇ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਤਮ ਹਤਿਆ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸਤਪਾਲ ਦੇ ਪਿਤਾ ਮਹਿੰਦਰ ਸਿੰਘ ਨੇ ਦਸਿਆ ਕਿ ਸਤਪਾਲ ਨੇ ਘਰ ਦੀ ਕਬੀਲਦਾਰੀ ਚਲਾਉਣ ਲਈ ਟਰੱਕ ਫ਼ਾਇਨਾਂ ਕਰਵਾਇਆ ਸੀ ਕੁੱਝ ਸਮਾਂ ਤਕ ਸੱਭ ਠੀਕ ਠਾਕ ਚਲਦਾ ਰਿਹਾ ਪਰ ਅਖ਼ੀਰ ਕੰਮ ਕਾਰ ਠੱਪ ਹੋਣ ਕਾਰਨ ਟਰੱਕ ਦੇ ਗੇੜਿਆਂ ਦੀ ਖੜੌਤ ਕਾਰਨ ਵੇਹਲਾ ਰਹਿਣ ਕਰ ਕੇ ਸਤਪਾਲ ਸਿੰਘ ਫ਼ਾਇਨਾਸ ਦੀਆਂ ਕਿਸ਼ਤਾਂ ਮੋੜਨ ਤੋਂ ਅਸਮਰੱਥ ਹੋ ਗਿਆ ਜਿਸ ਕਾਰਨ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਘਰ ਵਿਚ ਪਈ ਜ਼ਹਿਰਲੀ ਦਵਾਈ ਪੀ ਲਈ ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੌੜ ਦਿਤਾ। ਥਾਣਾ ਸਿਟੀ ਦੇ ਏ ਐਸ ਆਈ ਜਸਵਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਸਤਪਾਲ ਸਿੰਘ ਦੇ ਪਿਤਾ ਦੇ ਬਿਆਨਾਂ 'ਤੇ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਗਈ। ਪਿੰਡ ਦਾਨੇਵਾਲਾ ਵਿਖੇ ਸਤਪਾਲ ਦਾ ਅੰਤਮ ਸਸਕਾਰ ਕਰ ਦਿਤਾ ਗਿਆ ਹੈ।