ਵਪਾਰਕ ਘਰਾਣੇ ਸੂਬੇ ਦੇ ਸਿਖਿਆ ਪੱਧਰ ਨੂੰ ਉਪਰ ਚੁੱਕਣ ਲਈ ਸਹਿਯੋਗ ਦੇਣ : ਮਨਪ੍ਰੀਤ ਸਿੰਘ ਬਾਦਲ

ਖ਼ਬਰਾਂ, ਪੰਜਾਬ

ਲੁਧਿਆਣਾ, 29 ਜਨਵਰੀ (ਮਹੇਸ਼ਇੰਦਰ ਸਿੰਘ ਮਾਂਗਟ): ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਵਪਾਰਕ ਘਰਾਣਿਆਂ ਨੂੰ ਸੱਦਾ ਦਿਤਾ ਹੈ ਕਿ ਜੇਕਰ ਉਹ ਪੰਜਾਬ ਦਾ ਸਹੀ ਮਾਅਨਿਆਂ ਵਿਚ ਵਿਕਾਸ ਦੇਖਣਾ ਚਾਹੁੰਦੇ ਹਨ ਤਾਂ ਉਹ ਸਿਖਿਆ, ਸਿਹਤ ਅਤੇ ਹੋਰ ਉਨ੍ਹਾਂ ਖੇਤਰਾਂ ਵਿਚ ਪੈਸਾ ਲਗਾਉਣ ਜਿਸ ਨਾਲ ਆਮ ਲੋਕਾਂ ਦਾ ਸਮਾਜਕ ਅਤੇ ਆਰਥਕ ਜੀਵਨ ਪੱਧਰ ਉੱਚਾ ਹੋਵੇ ਅਤੇ ਉਨ੍ਹਾਂ ਨੂੰ ਸਮਾਜ ਵਿਚ ਸਨਮਾਨ ਦਾ ਅਹਿਸਾਸ ਹੋਵੇ। ਉਹ ਅੱਜ ਸਥਾਨਕ ਗਿਆਸਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨਵੀਂ ਤਿਆਰ ਕੀਤੀ ਗਈ ਇਮਾਰਤ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਸਨ। ਇਸ ਇਮਾਰਤ ਨੂੰ ਵਿਸ਼ਵ ਦੇ ਪ੍ਰਸਿੱਧ ਸਨਅਤੀ ਘਰਾਣੇ ਵਰਧਮਾਨ ਟੈਕਸਟਾਈਲ ਲਿਮਟਿਡ ਨੇ ਤਿਆਰ ਕਰਵਾਇਆ ਹੈ। ਇਸ ਮੌਕੇ ਰੱਖੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਪੰਜਾਬ ਦੀ ਤ੍ਰਾਸਦੀ ਹੈ ਕਿ ਪਿਛਲੇ 10 ਸਾਲਾਂ ਦੌਰਾਨ ਸੂਬੇ ਵਿਚ ਨਾ ਤਾਂ ਸਿਖਿਆ ਦੇ ਪੱਧਰ ਨੂੰ ਉਪਰ ਚੁਕਣ ਲਈ ਅਤੇ ਨਾ ਹੀ ਹਰ ਇਕ ਨੂੰ ਜ਼ਰੂਰੀ ਸਿਖਿਆ ਮੁਹਈਆ ਕਰਾਉਣ ਲਈ ਯਤਨ ਕੀਤੇ ਗਏ। ਉਨ੍ਹਾਂ ਵਰਧਮਾਨ ਟੈਕਸਟਾਈਲ ਲਿਮਟਿਡ ਵਲੋਂ ਅਪਣੀ ਵਪਾਰਕ ਸਮਾਜਕ ਜ਼ਿੰਮੇਵਾਰੀ ਤਹਿਤ ਤਿਆਰ ਕੀਤੀ ਗਈ ਇਸ ਇਮਾਰਤ ਲਈ ਧਨਵਾਦ ਕਰਦਿਆਂ ਹੋਰਾਂ ਵਪਾਰਕ ਘਰਾਣਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਦੇ ਸਹੀ ਮਾਅਨਿਆਂ ਵਿਚ ਵਿਕਾਸ ਲਈ ਸਿਖਿਆ, ਸਿਹਤ ਅਤੇ ਹੋਰ ਉਨ੍ਹਾਂ ਖੇਤਰਾਂ ਵਿਚ ਵਪਾਰਕ ਸਮਾਜਕ ਜ਼ਿੰਮੇਵਾਰੀ ਗਤੀਵਿਧੀ ਅਧੀਨ ਪੈਸਾ ਲਗਾਉਣ ਲਈ ਅੱਗੇ ਆਉਣ।