ਮੁੰਡੇ ਅਤੇ ਕੁੜੀ ਵਾਲਿਆਂ ਵਿਚ ਜਮ ਕੇ ਚੱਲੀਆਂ ਕੁਰਸੀਆਂ ਤੇ ਪਲੇਟਾਂ
ਗੁਰਦਾਸਪੁਰ, 9 ਫ਼ਰਵਰੀ (ਹੇਮੰਤ ਨੰਦਾ) : ਹਲਕੇ ਵਿਚ ਪੰਜ ਦਿਨ ਪਹਿਲਾਂ ਕਸਬਾ ਕਲਾਨੌਰ ਦੇ ਸੰਗਮ ਪੈਲੇਸ ਵਿਚ ਵਿਆਹ ਸਮਾਗਮ ਦੌਰਾਨ ਕੁੜੀ ਅਤੇ ਮੁੰਡੇ ਦੇ ਪਰਵਾਰ ਵਲੋਂ ਇਕ-ਦੂਜੇ ਉਤੇ ਜਮ ਕੇ ਕੁਰਸੀਆਂ ਅਤੇ ਪਲੇਟਾਂ ਵਰਾਉਣ ਵਾਲੀ ਵੀਡੀਉ ਕਾਫ਼ੀ ਚਰਚਿਤ ਹੋ ਰਹੀ ਹੈ। ਦਰਅਸਲ ਵਿਆਹ ਦੌਰਾਨ ਮੁੰਡਾ ਤੇ ਕੁੜੀ ਦੇ ਪਰਿਵਾਰ ਵਾਲਿਆਂ ਵਿਚਾਲੇ ਤਿੰਨ ਵਾਰ ਤਕਰਾਰ ਹੋ ਗਈ ਅਤੇ ਮਾਮਲਾ ਹੱਥੋਪਾਈ ਤਕ ਪਹੁੰਚ ਗਿਆ। ਵੇਖਦੇ ਹੀ ਵੇਖਦੇ ਵਿਆਹ ਸਮਾਰੋਹ ਲੜਾਈ ਦਾ ਅਖਾੜਾ ਬਣ ਗਿਆ ਅਤੇ ਦੋਨਾਂ ਪਰਵਾਰਾਂ ਵਲੋਂ ਬੈਠਣ ਲਈ ਰੱਖੀਆਂ ਕੁਰਸੀਆਂ ਅਤੇ ਖਾਣੇ ਦੇ ਟੇਬਲ 'ਤੇ ਲੱਗੀਆਂ ਪਲੇਟਾਂ ਇਕ-ਦੂਜੇ 'ਤੇ ਸੁੱਟੀਆਂ ਗਈਆਂ। ਕਿਸੇ ਨੇ ਇਸ ਦੀ ਵੀਡੀਉ ਬਣਾ ਕੇ ਸੋਸ਼ਲ ਸਾਈਟ 'ਤੇ ਵਾਇਰਲ ਕਰ ਦਿਤੀ।
ਜਾਣਕਾਰੀ ਅਨੁਸਾਰ ਮਾਮਲਾ ਇਸ ਗੱਲ ਨੂੰ ਲੈ ਕੇ ਭੜਕਿਆ ਜਦੋਂ ਮੁੰਡੇ ਪਰਵਾਰ ਦੇ ਨਾਲ ਆਏ ਇਕ ਮੁੰਡੇ ਨੇ ਕੁੜੀ ਪਰਵਾਰ ਦੇ ਕਿਸੇ ਮੈਂਬਰ ਦੀ ਫ਼ੋਟੋ ਖਿੱਚ ਲਈ। ਦੱਸ ਦਈਏ ਕਿ ਜਦੋਂ ਪੈਲੇਸ ਵਿਚ ਇਹ ਸੱਭ ਕੁੱਝ ਹੋ ਰਿਹਾ ਸੀ ਤਾਂ ਮੁੰਡਾ-ਕੁੜੀ ਲਾਵਾਂ ਲਈ ਗੁਰਦਵਾਰਾ ਸਾਹਿਬ ਗਏ ਹੋਏ ਸਨ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪੁੱਜੀ ਅਤੇ ਲੋਕਾਂ ਨੂੰ ਤਿਤਰ-ਬਿਤਰ ਕਰ ਡੋਲੀ ਨੂੰ ਅਪਣੀ ਦੇਖ-ਰੇਖ ਵਿਚ ਵਿਦਾ ਕੀਤਾ। ਥਾਣਾ ਪ੍ਰਭਾਰੀ ਕੁਲਵਿੰਦਰ ਸਿੰਘ ਨੇ ਦਸਿਆ ਕਿ ਇਹ ਘਟਨਾ ਪੰਜ ਦਿਨ ਪਹਿਲਾਂ ਦੀ ਹੈ। ਉਦੋਂ ਦੋਵੇਂ ਪੱਖਾਂ ਵਿਚ ਆਪਸੀ ਰਜਾਮੰਦੀ ਹੋ ਗਈ ਸੀ। ਹੁਣ ਬਾਅਦ ਵਿਚ ਕਿਸੇ ਨੇ ਉਹ ਵੀਡੀਉ ਚਰਚਿਤ ਕਰ ਦਿਤੀ ਹੈ।