ਵਿਚਾਰਾਂ ਦੇ ਪ੍ਰਗਟਾਵੇ ਲਈ ਆਜ਼ਾਦ ਹੈ ਮੀਡੀਆ : ਕੈਪਟਨ

ਖ਼ਬਰਾਂ, ਪੰਜਾਬ

ਐਸ.ਏ.ਐਸ. ਨਗਰ, 9 ਦਸੰਬਰ (ਕੁਲਦੀਪ ਸਿੰਘ) : ਚੰਡੀਗੜ੍ਹ ਯੂਨੀਵਰਸਟੀ ਘੜੂੰਆਂ ਵਿਖੇ “'ਦਾ ਕਨਫ਼ੈਡਰੇਸ਼ਨ ਆਫ਼ ਨਿਊਜ਼ ਪੇਪਰ ਐਂਡ ਨਿਊਜ਼ ਏਜੰਸੀਜ਼ ਇੰਪਲਾਈਜ਼ ਆਰਗਨਾਈਜੇਸ਼ਨ'” ਦੇ ਸਹਿਯੋਗ ਨਾਲ“ਪ੍ਰੈੱਸ ਦੀ ਆਜ਼ਾਦੀ ਅਤੇ ਸੁਰੱਖਿਆ”ਵਿਸ਼ੇ 'ਤੇ ਕਰਵਾਈ ਗਈ ਰਾਸ਼ਟਰ ਪਧਰੀ ਵਿਚਾਰ ਗੋਸ਼ਟੀ ਦੌਰਾਨ ਮੀਡੀਆਂ ਦੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਨੈਸ਼ਨਲ ਮੀਟ ਦਾ ਉਦਘਾਟਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਕੀਤਾ ਗਿਆ।ਚੰਡੀਗੜ੍ਹ ਯੂਨੀਵਰਸਟੀ ਘੜੂੰਆਂ ਵਿਖੇ ਕਰਵਾਈ ਗਈ ਰਾਸ਼ਟਰ ਪਧਰੀ ਵਿਚਾਰ ਗੋਸ਼ਟੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿਚ ਵਿਚਾਰਾਂ ਦੇ ਪ੍ਰਗਟਾਵੇ ਲਈ ਪ੍ਰੈੱਸ ਪੂਰੀ ਤਰ੍ਹਾਂ ਆਜ਼ਾਦ ਹੈ ਅਤੇ ਸਰਕਾਰ ਮੀਡੀਆ ਨੂੰ ਕਿਸੀ ਵੀ ਤਰ੍ਹਾਂ ਦੇ ਪ੍ਰਭਾਵਾਂ ਤੋਂ ਮੁਕਤ ਰੱਖਣ ਲਈ ਵਚਨਬੱਧ ਹੈ। ਸੂਬਾ ਸਰਕਾਰ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਸੈਂਸਰਸ਼ਿਪ ਲਾਏ ਜਾਣ ਦੇ ਪੂਰੀ ਤਰ੍ਹਾਂ ਵਿਰੋਧੀ ਹੋਣ 'ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਮੀਡੀਆਂ ਸੰਸਥਾਵਾਂ ਨੂੰ ਇਕਸਾਰ ਮੌਕੇ ਮੁਹਈਆ ਕਰਾਉਣ ਦੀ ਅਪਣੀ ਵਚਨਬੱਧਤਾ ਮੁੜ ਦੁਹਰਾਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਵਿਚ ਵਿਵਾਦਪੂਰਨ ਫ਼ਿਲਮ 'ਪਦਮਾਵਤੀ' ਦੀ ਸਕਰੀਨਿੰਗ ਨਹੀਂ ਰੋਕੀ ਜਾਵੇਗੀ।ਕੈਪਟਨ ਨੇ ਕਿਹਾ ਕਿ ਭਾਵੇਂ ਵਖਰੇ-ਵਖਰੇ ਇਤਿਹਾਸਕ ਸੰਦਰਭ ਹੋ ਸਕਦੇ ਹਨ ਪਰ ਪੂਰੀ ਤਰ੍ਹਾਂ ਗ਼ਲਤ ਇਤਿਹਾਸਕ ਤੱਥਾਂ ਨੂੰ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਇਹ ਸਹਿਣ ਨਹੀਂ ਕੀਤੇ ਜਾ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਜਿਥੋਂ ਤਕ ਪੰਜਾਬ ਦਾ ਸਬੰਧ ਹੈ ਇਥੇ ਪਦਮਾਵਤੀ ਫ਼ਿਲਮ ਨੂੰ ਰਿਲੀਜ਼ ਕਰਨ 'ਤੇ ਕੋਈ ਵੀ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉਹ ਹਰ ਚੀਜ਼ ਵਿਖਾਈ ਜਾ ਸਕਦੀ ਹੈ ਜੋ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਂਦੀ ਹੋਵੇ। ਪੰਜਾਬ ਵਿਚ ਪਿਛਲੀ ਸਰਕਾਰ ਵਲੋਂ ਮੀਡੀਆ 'ਤੇ ਲਾਈਆਂ ਰੋਕਾਂ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੀਡੀਆ 'ਤੇ ਸੈਂਸਰਸ਼ਿਪ ਲਗਾਏ ਜਾਣ 'ਤੇ ਵਿਸ਼ਵਾਸ ਨਹੀਂ ਰੱਖਦੀ।ਮੁੱਖ ਮੰਤਰੀ ਨੇ ਕਿਹਾ ਅਸੀਂ ਪੰਜਾਬ ਵਿਚ ਨਵੇਂ ਮੀਡੀਆ ਸਥਾਪਤੀ ਦੀ ਪ੍ਰਕਿਰਿਆ ਨੂੰ ਸਰਲ ਤੇ ਤੇਜ਼ ਕਰਾਂਗੇ ਤਾਂ ਜੋ ਹੋਰ ਵਧੇਰੇ ਮੀਡੀਆ ਸੰਸਥਾਵਾਂ ਪੰਜਾਬ ਵਿਚ ਅਪਣੇ ਆਪ ਨੂੰ ਸਥਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਮੁੱਖ ਧਾਰਾ ਮੀਡੀਆ ਦੇ ਸਾਹਮਣੇ ਇਕ ਚੁਨੌਤੀ ਦੇ ਰੂਪ ਵਿਚ ਉਭਰ ਕੇ ਸਾਹਮਣੇ ਆ ਰਿਹਾ ਹੈ। ਇਸ ਲਈ ਮੁੱਖ ਧਾਰਾ ਮੀਡੀਆ ਦੇ ਪੱਤਰਕਾਰਾਂ ਨੂੰ ਅਪਣੇ ਪਾਠਕਾਂ ਪ੍ਰਤੀ ਇਮਾਨਦਾਰ, ਨਿਰਪੱਖ ਤੇ ਸੱਚੇ ਰਹਿੰਦੇ ਹੋਏ, ਤੱਥਾਂ ਦੇ ਆਧਾਰ ਤੇ ਖ਼ਬਰ ਲਿਖਣੀ ਚਾਹੀਦੀ ਹੈ। ਕੈਪਟਨ ਨੇ ਕਿਹਾ ਕਿ ਪੰਜਾਬ ਵਿਚ ਮੀਡੀਆਂ ਨੂੰ ਪੂਰੀ ਆਜ਼ਾਦੀ ਹੈ ਅਤੇ ਮੀਡੀਆ ਅਪਣੀ ਗੱਲ ਬਿਨਾਂ ਕਿਸੇ ਭੈਅ, ਡਰ ਤੋਂ ਖੁਲ੍ਹ ਕੇ ਰੱਖ ਸਕਦਾ ਹੈ।ਉਨ੍ਹਾਂ ਚੰਡੀਗੜ੍ਹ ਯੂਨੀਵਰਸਟੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਯੂਨੀਵਰਸਟੀ ਵਿਚ ਆਧੁਨਕਿ ਬੁਨਿਆਦੀ ਢਾਂਚਾ ਬਹੁਤ ਵਧੀਆ ਹੈ ਤੇ ਵਿਦਿਆਰਥੀਆਂ ਨੂੰ ਮਿਆਰੀ ਤੇ ਉਚ ਕੋਟੀ ਦੀ ਸਿਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਕਾਰਨ ਭਾਰਤ ਦੇ ਨਾਲ ਨਾਲ ਬਾਹਰਲੇ ਮੁਲਕਾਂ ਤੋਂ ਵੀ ਵਿਦਿਆਰਥੀ ਇਥੇ ਪੜ੍ਹਾਈ  ਹਾਸਲ ਕਰਨ ਆ ਰਹੇ ਹਨ।  ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਯੂਨੀਵਰਸਟੀ ਦੇ ਵੱਖ ਵੱਖ ਕੰਪਨੀਆਂ ਵਿਚ ਪਲੇਸਮੈਂਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਦਿਆਰਥੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਤਸ਼ਾਹਿਤ ਕੀਤਾ। ਸਤਨਾਮ ਸਿੰਘ ਸੰਧੂ, ਚਾਂਸਲਰ ਚੰਡੀਗੜ੍ਹ ਯੂਨੀਵਰਸਟੀ ਘੜੂੰਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਦਾ ਜੋ ਨਕਸ਼ਾ ਉਲਕਿਆ ਹੈ, ਉਸ ਲਈ ਸਾਰੀਆਂ ਸਿਖਿਆ ਸੰਸਥਾਵਾਂ ਸਹਿਯੋਗ ਦੇ ਰਹੀਆਂ ਹਨ।  ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਮੀਡੀਆ ਦੇ ਵਿਦਿਆਰਥੀਆਂ ਨੂੰ ਪੱਤਰਕਾਰਤਾ ਦੀ ਮਿਆਰੀ ਸਿਖਿਆ ਪ੍ਰਦਾਨ ਕਰਵਾ ਰਹੀ ਹੈ, ਤਾਂ ਜੋ ਇਕ ਉਤਮ ਸਮਾਜ ਸਿਰਜਿਆਂ ਜਾ ਸਕੇ। ਐਮ.ਐਸ. ਯਾਦਵ ਜਰਨਲ ਸਕੱਤਰ ਦਾ ਕੰਨਫ਼ੈਡਰੇਸ਼ਨ ਆਫ਼ ਨਿਊਜ਼ ਪੇਪਰ ਐਂਡ ਨਿਊਜ਼ ਏਜੰਸੀਜ਼ ਇੰਪਲਾਈਜ਼ ਆਰਗਨਾਈਜ਼ੇਸ਼ਨ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰਾਂ ਨੂੰ ਮੀਡੀਆ ਦੀ ਸੁਰੱਖਿਆ ਵਲ ਧਿਆਨ ਦੇਣਾ ਚਾਹੀਦਾ ਹੈ ਅਤੇ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।ਇਸ ਵਿਚਾਰ ਗੋਸ਼ਠੀ ਵਿਚ ਰਵੀਨ ਠੁਕਰਾਲ, ਮੀਡੀਆ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ, ਬਲਵਿੰਦਰ ਸਿੰਘ ਜੰਮੂ, ਜਗਤਾਰ ਸਿੰਘ ਸਿੱਧੂ, ਬਲਬੀਰ ਸਿੰਘ ਸਿੱਧੂ ਵਿਧਾਇਕ ਮੋਹਾਲੀ, ਅਸ਼ੋਕ ਮਿੱਤਲ ਚਾਂਸਲਰ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਟੀ, ਰਸ਼ਪਾਲ ਸਿੰਘ ਧਾਲੀਵਾਲ ਪ੍ਰੈਜੀਡੈਂਟ ਚੰਡੀਗੜ੍ਹ ਗਰੁਪ ਆਫ਼ ਕਾਲਜ ਸਮੇਤ ਦੇਸ਼ ਦੇ 22 ਰਾਜਾਂ ਤੋਂ ਨਾਮਵਰ ਪੱਤਰਕਾਰਾਂ ਨੇ ਭਾਗ ਲਿਆ।