ਲੁਧਿਆਣਾ 27 ਨਵੰਬਰ (ਕੁਲਵਿੰਦਰ ਸਿੰਘ ਮਿੰਟੂ) : ਬੀਤੀ 13 ਸਤੰਬਰ ਨੂੰ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਅਪਣੀ ਸਰਕਾਰੀ ਸਕਿਉਰਟੀ ਅਤੇ ਕਈ ਸਾਥੀਆਂ ਸਹਿਤ ਹਲਕਾ ਗਿੱਲ ਦੇ ਪਟਵਾਰਖਾਨੇ ਵਿਚ ਹੁੱਲੜਬਾਜੀ ਕਰਨ ਅਤੇ ਮਾੜੀ ਸ਼ਬਦਾਵਲੀ ਬੋਲਣ ਦੇ ਵਿਰੋਧ ਵਿਚ ਪੰਜਾਬ ਭਰ ਦੇ ਪਰਵਾਰੀਆਂ ਵਲੋਂ ਸਾਝੇ ਤੌਰ 'ਤੇ ਕੀਤੇ ਜਾ ਰਹੇ ਸੰਘਰਸ਼ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਵਲੋਂ ਵਿਧਾਇਕ ਬੈਂਸ ਦੇ 7 ਸਾਥੀਆਂ 'ਤੇ ਮਾਮਲਾ ਦਰਜ ਕਰ ਲਿਆ ਗਿਆ।ਇਸ ਬਾਰੇ ਜਾਣਕਾਰੀ ਦਿੰਦੇ ਹੋਏ 'ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ' ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ ਨੇ ਇਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਅੱਜ ਏਡੀਸੀ (ਜਨਰਲ) ਲੁਧਿਆਣਾ ਅਤੇ ਏਡੀਸੀ (ਜਨਰਲ) ਖੰਨਾ ਨਾਲ ਜ਼ਿਲ੍ਹਾ ਬਾਡੀ ਦੀ ਮੀਟਿੰਗ ਹੋਈ, ਜਿਸ ਵਿਚ ਪਟਵਾਰੀ ਯੂਨੀਅਨ ਦੇ ਆਗੂਆਂ ਨੂੰ ਐਡਆਈਆਰ ਦੀ ਕਾਪੀ ਸਮੇਤ ਜਾਣਕਾਰੀ ਦਿੱਤੀ ਗਈ ਕਿ ਵਿਧਾਇਕ ਬੈਂਸ ਦੇ 7 ਸਾਥੀਆਂ 'ਤੇ ਮਿਤੀ 26 ਨਵੰਬਰ 2017 ਨੂੰ ਐਫਆਈਆਰ ਦਾ ਨੰਬਰ 272 ਨਾਲ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬਧੀ ਯੂਨੀਅਨ ਦੇ ਸੂਬਾ ਪ੍ਰਧਾਨ ਨਾਲ ਫੋਨ 'ਤੇ ਹੋਈ ਗੱਲਬਾਤ ਤੋਂ ਬਾਅਦ ਮਿਤੀ 28 ਨਵੰਬਰ ਨੂੰ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਸਾਰੇ ਤੱਥਾਂ ਨੂੰ ਵਿਚਾਰਕੇ ਅਗਲੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਮੌਕੇ ਕਰਨ ਜਸਪਾਲ ਸਿੰਘ, ਦਰਸ਼ਨ ਕੁਮਾਰ ਸ਼ਰਮਾ, ਗੁਰਮੇਲ ਸਿੰਘ, ਜਸਵੀਰ ਸਿੰਘ, ਨਿਰਮਲ ਸਿੰਘ, ਅਮਰੀਕ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।