ਵਿਧਾਇਕ ਲੱਖਾ ਐਮ.ਪੀ. ਬਿੱਟੂ ਦੀ ਅਗਵਾਈ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ

ਖ਼ਬਰਾਂ, ਪੰਜਾਬ

ਪਾਇਲ, 4 ਜਨਵਰੀ (ਹਰਵਿੰਦਰ ਸਿੰਘ ਚੀਮਾ) : ਲੋਕ ਸਭਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਅਗਵਾਈ 'ਚ ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ ਬੀਤੇ ਦਿਨ ਦਿੱਲੀ ਵਿਖੇ ਸੜਕੀ ਆਵਾਜਾਈ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਵਿਸ਼ੇਸ਼ ਤੌਰ 'ਤੇ ਮਿਲੇ। ਉਨ੍ਹਾਂ ਨਾਲ ਵਿਧਾਇਕ ਸੰਜੇ ਤਲਵਾੜ ਵੀ ਸਨ। ਇਸ ਮਿਲਣੀ ਮੌਕੇ ਜਿਥੇ ਪੰਜਾਬ ਅੰਦਰ ਸੋਮਾ ਕੰਪਨੀ ਦੇ ਬੰਦ ਪਏ ਸੜਕੀ ਪ੍ਰੋਜੈਕਟਾਂ ਨੂੰ ਛੇਤੀ ਪੂਰਾ ਕਰਨ ਸਮੇਤ ਲੁਧਿਆਣਾ ਜ਼ਿਲ੍ਹੇ ਅੰਦਰ ਆਵਾਜਾਈ ਨੂੰ ਸੰਚਾਰੂ ਰੂਪ ਵਿਚ ਬਣਾਈ ਰਖਣ ਲਈ ਗੁਰਥਲੀ ਪੁਲ ਤੋਂ ਰਾਏਕੋਟ ਤੱਕ ਬਾਈਪਾਸ ਕੱਢਣ ਆਦਿ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ। ਵਿਧਾਇਕ ਲਖਵੀਰ ਸਿੰਘ ਲੱਖਾ ਨੇ ਦਸਿਆ ਕਿ ਮੈਂਬਰ ਪਾਰਲੀਂਮੈਟ ਰਵਨੀਤ ਸਿੰਘ ਬਿੱਟੂ ਅਤੇ ਉਨ੍ਹਾਂ ਵਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲ ਕੇ ਇਕ ਮੰਗ ਪੱਤਰ ਦਿਤਾ ਗਿਆ ਹੈ, ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਅੰਦਰ ਸੋਮਾ ਕੰਪਨੀ ਦੇ ਸੜਕੀ ਪ੍ਰੋਜੈਕਟ ਅੱਧ ਵਿਚਕਾਰ ਲਟਕੇ ਪਏ ਹਨ,

 ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈਦਾ ਹੋ ਰਿਹਾ ਹੈ ਅਤੇ ਇਸ ਕਾਰਨ ਹਾਦਸੇ ਵਾਪਰ ਰਹੇ ਹਨ ਅਤੇ ਸੜਕਾਂ ਦੇ ਪ੍ਰੋਜੈਕਟਾਂ ਬਾਰੇ ਸ੍ਰੀ ਗਡਕਰੀ ਨੂੰ ਜਾਣੂੰ ਕਰਵਾਇਆ। ਉਨ੍ਹਾਂ ਮੰਗ ਕੀਤੀ ਕਿ ਦੋਰਾਹਾ ਦੇ ਗੁਰਥਲੀ ਪੁਲ ਤੋਂ ਰਾਏਕੋਟ ਜਗਰਾਉਂ ਰੋਡ ਤੱਕ ਸਿੱਧਾ ਬਾਈਪਾਸ ਬਣਾਉਣ ਨਾਲ ਰੋਪੜ ਤੋਂ ਲੁਧਿਆਣਾ, ਬਰਨਾਲਾ ਤੇ ਸੰਗਰੂਰ ਆਦਿ ਜ਼ਿਲ੍ਹਿਆਂ ਨੂੰ ਜਾਣ ਵਾਲੀ ਆਵਾਜਾਈ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਉਨ੍ਹਾਂ ਦਸਿਆ ਕਿ ਸ੍ਰੀ ਗਡਕਰੀ ਨੇ ਕਰੀਬ 658 ਕਰੋੜ ਰੁਪਏ ਦੇ ਨਵੇਂ ਸੜਕੀ ਪ੍ਰੋਜੈਕਟ ਜਲਦੀ ਸ਼ੁਰੂ ਕਰਨ ਦਾ ਭਰੋਸਾ ਦਿਤਾ ਹੈ, ਜਿਸ ਨਾਲ ਲੁਧਿਆਣਾ ਜ਼ਿਲ੍ਹੇ ਦੇ ਖ਼ਾਸਕਰ ਹਲਕਾ ਪਾਇਲ ਅੰਦਰ ਪੈਂਦੇ ਦੋਰਾਹਾ ਦੱਖਣੀ ਬਾਈਪਾਸ 'ਤੇ ਟ੍ਰੈਫ਼ਿਕ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ ਅਤੇ ਲੋਕਾਂ ਦਾ ਕੀਮਤੀ ਸਮਾਂ ਬਚੇਗਾ ਅਤੇ ਉਨ੍ਹਾਂ ਨੂੰ ਲੰਮੇ ਚਿਰਾਂ ਤੋਂ ਹੋ ਰਹੀ ਖੱਜਲ ਖੁਆਰੀ ਤੋਂ ਛੁਟਕਾਰਾ ਮਿਲੇਗਾ।