ਚੰਡੀਗੜ੍ਹ, 28 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਵਲੋਂ ਪ੍ਰਸ਼ਨ ਕਾਲ ਵਿਚ ਵਿਘਨ ਪਾਉਣ ਅਤੇ ਸਦਨ ਦੀ ਕਾਰਵਾਈ 'ਚ ਅੜਿੱਕਾ ਡਾਹ ਕੇ ਸਦਨ ਦਾ ਕੀਮਤੀ ਸਮਾਂ ਅਤੇ ਲੋਕਾਂ ਦਾ ਪੈਸਾ ਬਰਬਾਦ ਕਰਨ ਦੀ ਸਖ਼ਤ ਆਲੋਚਨਾ ਕੀਤੀ।ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਲੜਾਈ ਦਾ ਮੈਦਾਨ ਬਣਾ ਕੇ ਸਦਨ ਦੀ ਪਵਿੱਤਰ ਮਰਿਆਦਾ ਨੂੰ ਖੇਰੂੰ-ਖੇਰੂੰ ਕਰ ਦਿਤਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਨ ਕਾਲ ਦੌਰਾਨ ਲੋਕਾਂ ਦੇ ਗੰਭੀਰ ਮਸਲੇ ਉਠਾਏ ਜਾਂਦੇ ਹਨ ਅਤੇ ਇਸ ਵਿਚ ਵਿਘਨ ਪਾਉਣਾ ਸੰਸਦੀ ਰਵਾਇਤਾਂ ਦੇ ਪੂਰੀ ਤਰ੍ਹਾਂ ਉਲਟ ਹੈ ਅਤੇ ਵਿਰੋਧੀ ਧਿਰ ਨੂੰ ਸਿਫ਼ਰ ਕਾਲ ਦੌਰਾਨ ਹੋਰ ਅਹਿਮ ਮਸਲੇ ਚੁਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਲੋਂ ਸਪੀਕਰ ਦੀ ਕੁਰਸੀ ਦੇ ਅੱਗੇ ਜਾ ਕੇ ਨਾਹਰੇਬਾਜ਼ੀ ਨਾਲ ਲਗਾਤਾਰ ਅੜਿੱਕਾ ਡਾਹੁਣ ਕਾਰਨ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ।