ਵਿਸਰ ਰਿਹਾ ਹੈ ਸ਼ਹੀਦ ਭਗਤ ਸਿੰਘ ਕੌਮ ਦੇ ਚੇਤਿਆਂ 'ਚੋਂ

ਖ਼ਬਰਾਂ, ਪੰਜਾਬ

ਚੰਡੀਗੜ੍ਹ, 28 ਸਤੰਬਰ (ਸਸਧ): ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਸੀ ਪਰ ਲਗਦਾ ਹੈ ਕਿ ਅਮਰ ਸ਼ਹੀਦ ਨੇ ਅੱਜ ਦਾ ਦਿਨ ਘੌਰ ਉਦਾਸੀ ਵਿਚ ਗੁਜ਼ਾਰਿਆ ਹੋਣਾ। ਜਿਨ੍ਹਾਂ ਖ਼ਾਤਰ ਉਸ ਨੇ ਫਾਂਸੀ ਦਾ ਰੱਸਾ ਹੱਸ-ਹੱਸ ਕੇ ਚੁੰਮਿਆ ਉਹ ਉਸ ਬਾਰੇ ਕਿੰਨਾ ਕੁ ਜਾਣਦੇ ਹਨ। ਇਹ ਦੇਖ ਕੇ ਉਸ ਦੀ ਰੂਹ ਮੁਰਝਾ ਗਈ ਹੋਵੇਗੀ।
ਪੰਜਾਬ ਸਰਕਾਰ ਨੇ ਭਾਵੇਂ ਅੱਜ ਭਗਤ ਸਿੰਘ ਦੇ ਜਨਮ ਦਿਨ ਦੀ ਹਰ ਸਾਲ ਦੀ ਤਰ੍ਹਾਂ ਛੁੱਟੀ ਕੀਤੀ ਪਰ ਜਦੋਂ ਵੱਖ-ਵੱਖ ਸੂਬਿਆਂ ਵਿਚ ਕੰਮਕਾਰ ਕਰਨ ਵਾਲੇ ਲੋਕਾਂ ਨੂੰ ਪੁਛਿਆ ਗਿਆ ਕਿ ਅੱਜ ਛੁੱਟੀ ਕਿਉਂ ਹੈ ਤਾਂ ਤਕਰੀਬਨ 80 ਫ਼ੀ ਸਦੀ ਲੋਕ ਇਸ ਦਾ ਗੱਲ ਜਵਾਬ ਹੀ ਨਹੀਂ ਦੇ ਸਕੇ ਕਿ ਛੁੱਟੀ ਕਿਉਂ ਕੀਤੀ ਗਈ ਹੈ। ਸਪੋਕਸਮੈਨ ਟੀਵੀ ਨੇ ਅੱਜ ਇਸ ਸਬੰਧੀ ਇਕ ਸਰਵੇ ਕੀਤਾ ਤਕਰੀਬਨ 14 ਵਿਅਕਤੀਆਂ ਨੂੰ, ਜਿਨ੍ਹਾਂ ਵਿਚ ਜ਼ਿਆਦਾਤਰ ਨੌਜਵਾਨ ਸਨ, ਇਹ ਸਵਾਲ ਪੁਛਿਆ ਗਿਆ ਕਿ ਅੱਜ ਸਰਕਾਰ ਨੇ ਛੁੱਟੀ ਕਿਉਂ ਕੀਤੀ ਹੈ। ਉੁਨ੍ਹਾਂ ਵਿਚੋਂ ਸਿਰਫ਼ ਤਿੰਨ ਹੀ ਅੱਧ ਪਚੱਧਾ ਸਹੀ ਜਵਾਬ ਦੇ ਸਕੇ। ਇਕ-ਦੋ ਨੇ ਕਿਹਾ ਕਿ ਅੱਜ ਮੁਹੱਰਮ ਕਰ ਕੇ ਛੁੱਟੀ ਹੈ, ਕੁੱਝ ਨੇ ਕਿਹਾ ਕਿ ਨਵਰਾਤਰਿਆਂ ਕਰ ਕੇ ਛੁੱਟੀ ਹੈ ਕੁੱਝ ਨੇ ਇਧਰ ਉਧਰ ਦੀ ਗੱਲ ਕਰ ਕੇ ਟਾਲ ਦਿਤਾ। ਇਨ੍ਹਾਂ ਵਿਚੋਂ ਦੋ ਵਿਅਕਤੀਆਂ ਨੂੰ ਜਦੋਂ ਕਿਹਾ ਗਿਆ ਕਿ ਅੱਜ ਭਗਤ ਸਿੰਘ ਦੇ ਨਾਲ ਸਬੰਧਤ ਦਿਨ ਹੈ ਤਾਂ ਉਨ੍ਹਾਂ ਨੇ ਫੱਟ ਕਹਿ ਦਿਤਾ ਕਿ ਅੱਜ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਪਰ ਜਦੋਂ ਉੁਨ੍ਹਾਂ ਨੂੰ ਕਿਹਾ ਕਿ ਅੱਜ ਸ਼ਹੀਦੀ ਦਿਹਾੜਾ ਨਹੀਂ ਸਗੋਂ ਉਨ੍ਹਾਂ ਦਾ ਜਨਮ ਦਿਹਾੜਾ ਹੈ ਤਾਂ ਉਹ ਜ਼ਰੂਰ ਕੁੱਝ ਨਿਮੋਝੂਣੇ ਹੋਏ।  ਕਿੰਨਾ ਜਲਦੀ ਭੁੱਲ ਗਏ ਹਨ ਵਾਰਸ ਅਪਣੇ ਅਮਰ ਸ਼ਹੀਦ ਭਗਤ ਸਿੰਘ ਨੂੰ, ਇਹ ਅਪਣੇ ਆਪ ਵਿਚ ਬਹੁਤ ਚਿੰਤਾਜਨਕ ਗੱਲ ਹੈ।