ਵੋਟਾਂ ਅੱਜ, ਫ਼ੋਰਸ ਦੀਆਂ 50 ਕੰਪਨੀਆਂ ਤੈਨਾਤ

ਖ਼ਬਰਾਂ, ਪੰਜਾਬ

ਚੰਡੀਗੜ੍ਹ, 10 ਅਕਤੂਬਰ (ਜੀ.ਸੀ. ਭਾਰਦਵਾਜ): ਭਾਜਪਾ ਆਗੂ ਵਿਨੋਦ ਖੰਨਾ ਦੀ ਮੌਤ ਉਪਰੰਤ ਖ਼ਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ਲਈ ਮਹੀਨੇ ਭਰ ਦਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਅਤੇ ਭਲਕੇ 15,23,000 ਵੋਟਰਾਂ ਲਈ ਵੋਟਾਂ ਪਾਉਣ ਦਾ ਕੰਮ ਸਵੇਰੇ ਅੱਠ ਵਜੇ ਤੋਂ ਸ਼ਾਮ ਪੰਜ ਵਜੇ ਤਕ ਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਅਨੁਸਾਰ 1781 ਪੋਲਿੰਗ ਬੂਥਾਂ ਲਈ ਸਿਵਲ ਅਤੇ ਸੁਰੱਖਿਆ ਸਟਾਫ਼ ਅੱਜ ਹਰ ਥਾਂ 'ਤੇ ਪਹੁੰਚ ਚੁੱਕਾ ਹੈ। ਵੀ.ਕੇ. ਸਿੰਘ ਨੇ ਦਸਿਆ ਕਿ ਕੁਲ 50 ਕੰਪਨੀਆਂ ਜਿਨ੍ਹਾਂ ਵਿਚ 10 ਪੀਏਪੀ ਅਤੇ 40 ਕੇਂਦਰੀ ਬਲਾਂ ਦੇ ਜਵਾਨ ਸ਼ਾਮਲ ਹਨ, ਸਾਰੇ ਬੂਥਾਂ ਤੇ ਪੋਲਿੰਗ ਸਟੇਸ਼ਨਾਂ 'ਤੇ ਤੈਨਾਤ ਕੀਤੇ ਹਨ।ਗੁਰਦਾਸਪੁਰ ਲੋਕ ਸਭਾ ਸੀਟ ਜਿਸ ਵਿਚ 9 ਅਸੈਂਬਲੀ ਹਲਕੇ ਪੈਂਦੇ ਹਨ, ਦੀ ਇਹ ਜ਼ਿਮਨੀ ਚੋਣ ਕੇਂਦਰ ਦੀ ਭਾਜਪਾ ਅਤੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਛੇ ਮਹੀਨੇ ਦੀ ਕਾਰਗੁਜ਼ਾਰੀ ਦਾ ਟੈਸਟ ਹੈ। ਸਿਆਸੀ ਮਾਹਰਾਂ ਅਨੁਸਾਰ, ਭਾਵੇਂ ਇਹ ਚੋਣ ਸਿਰਫ਼ ਰਹਿੰਦੇ 18 ਮਹੀਨੇ ਦੀ ਬਚੀ ਟਰਮ ਲਈ ਹੈ ਪਰ ਇਸ ਦੀ ਜਿੱਤ ਜਾਂ ਹਾਰ 2019 ਦੀਆਂ ਲੋਕ ਸਭਾ ਆਮ ਚੋਣਾਂ ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਰੁਝਾਨ ਦੀ ਪ੍ਰਤੀਕ ਹੋਵੇਗੀ।