ਯੂਨੀਵਰਸਟੀ ਵਲੋਂ ਚੰਨੀ ਨੂੰ ਪੀ.ਐਚ.ਡੀ. 'ਚ ਦਾਖ਼ਲੇ ਲਈ ਅੰਕਾਂ 'ਚ ਰਾਹਤ ਦੇਣ ਦਾ ਮਾਮਲਾ ਗਰਮਾਇਆ

ਖ਼ਬਰਾਂ, ਪੰਜਾਬ

ਚੰਡੀਗੜ੍ਹ, 28 ਸਤੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਵਲੋਂ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੀ.ਐਚ.ਡੀ. ਵਿਚ ਦਾਖ਼ਲਾ ਦੇਣ ਲਈ ਅੰਕਾਂ ਦੀ ਸ਼ਰਤ 50 ਫ਼ੀ ਸਦੀ ਤੋਂ ਘਟਾ ਕੇ 40 ਫ਼ੀ ਸਦੀ ਤਕ ਕਰਨ ਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਗੁਰਦਾਸਪੁਰ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ ਕਿਉਂਕਿ ਸਿਆਸੀ ਪਾਰਟੀਆਂ ਨੇ ਇਸ ਨੂੰ ਚੋਣ ਪ੍ਰਚਾਰ ਵਿਚ ਉਛਾਲਣਾ ਸ਼ੁਰੂ ਕਰ ਦਿਤਾ ਹੈ।
ਤਾਜਾ ਘਟਨਾਕ੍ਰਮ ਅਨੁਸਾਰ ਆਪ ਦੇ ਕਨਵੀਨਰ ਸੁਖਪਾਲ ਸਿੰਘ ਖਹਿਰਾ ਨੇ ਸ. ਚੰਨੀ ਨੂੰ ਅਪਣੇ ਸ਼ੋਸਲ ਮੀਡੀਆ ਸੁਨੇਹੇ ਰਾਹੀਂ ਸਲਾਹ ਦਿਤੀ ਹੈ ਕਿ ਉਹ ਪੀ.ਐਚ.ਡੀ. ਵਿਚ ਦਾਖ਼ਲਾ ਅਗਲੇ ਸਾਲ ਲੈ ਲਵੇ ਪਰ ਨਿਯਮਾਂ ਨਾਲ ਛੇੜਖਾਨੀ ਜਾਂ ਤਬਦੀਲੀ ਨੂੰ ਸਵੀਕਾਰ ਨਾ ਕਰੇ। ਉਧਰ ਬੀਤੇ ਕਲ ਅਕਾਲੀ ਦਲ ਬਾਦਲ ਦੀ ਸੋਈ ਜਥੇਬੰਦੀ ਨੇ ਚੰਨੀ ਦਾ ਨਾਮ ਲਏ ਬਿਨਾਂ ਯੂਨੀਵਰਸਟੀ ਪ੍ਰਸ਼ਾਸਨ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਰਸੂਖਦਾਰ ਬੰਦਿਆਂ ਨੂੰ ਲਾਭ ਪਹੁੰਚਾਉਣ ਲਈ ਅੰਕਾਂ ਦੀ ਸ਼ਰਤ ਨਰਮ ਕੀਤੀ ਹੈ ਤੇ ਇਸ ਸੇਜ 'ਤੇ ਇਸ ਨੂੰ ਪ੍ਰਵਾਨ ਨਹੀਂ ਕਰਦੇ।
ਸੋਈ ਦੇ ਬੁਲਾਰੇ ਸਿਮਰਨਜੀਤ ਸਿੰਘ ਢਿੱਲੋਂ ਨੇ ਇਸ ਕਦਮ ਨੂੰ ਪੜ੍ਹਾਈ ਦੇ ਮਿਆਰ ਨੂੰ ਘਟਾਉਣ ਵਾਲਾ ਦਸਿਆ। ਸੋਈ ਕਾਰਕੁਨ ਨੇ ਇਸ ਮੁੱਦੇ 'ਤੇ ਵੀ.ਸੀ. ਦਫ਼ਤਰ ਸਾਹਮਣੇ ਧਰਨਾ ਵੀ ਦਿਤਾ। ਇਕ ਹੋਰ ਜਾਣਕਾਰੀ ਅਨੁਸਾਰ ਭਾਜਪਾ ਨੇਤਾ ਸੰਜੇ ਟੰਡਨ ਨੇ ਤਾਂ ਇਸ ਦੀ ਸ਼ਿਕਾਇਤ ਯੂਨੀਵਰਸਟੀ ਚਾਂਸਲਰ ਨੂੰ ਵੀ ਦਿਤੀ ਹੈ।
ਜ਼ਿਕਰਯੋਗ ਹੈ ਕਿ ਭਾਂਵੇ ਸਿੰਡੀਕੇਟ ਨੇ ਇਹ ਫ਼ੈਸਲਾ ਐਸ.ਸੀ. ਵਿਦਿਆਰਥੀਆਂ ਦੇ ਹਿਤਾਂ ਦਾ ਬਹਾਨਾ ਲੈ ਕੇ ਕੀਤਾ ਹੈ, ਜਿਸ ਨਾਲ 150 ਅਜਿਹੇ ਵਿਦਿਆਰਥੀਆਂ ਨੂੰ ਲਾਭ ਮਿਲ ਸਕਦਾ ਹੈ ਪਰ ਸਿਆਸੀ ਪਾਰਟੀਆਂ ਨੂੰ ਤਾਂ ਮੁੱਦਾ ਮਿਲ ਗਿਆ।