ਬਰਨਾਲਾ, 13 ਦਸੰਬਰ (ਜਗਸੀਰ ਸਿੰਘ ਸੰਧੂ) : ਸ਼੍ਰੋਮਣੀ ਅਕਾਲੀ ਦਲ ਲਈ ਇਕ ਅਜਿਹੇ ਸਾਬਤ ਸੂਰਤ ਨੌਜਵਾਨ ਚਿਹਰੇ ਦੀ ਭਾਲ ਵਿਚ ਹੈ ਜੋ ਜਿਥੇ ਸਿੱਖ ਧਰਮ ਬਾਰੇ ਧਰਮ, ਪੰਜਾਬ ਅਤੇ ਅਕਾਲੀ ਸਭਿਆਚਾਰ ਬਾਰੇ ਜਾਣਕਾਰ ਹੋਵੇ, ਉਥੇ ਵਿਦੇਸ਼ਾਂ ਦੀ ਭਾਸ਼ਾਵਾਂ ਦਾ ਜਾਣੂ ਅਤੇ ਪੰਜਾਬੀ ਐਨ.ਆਰ.ਆਈਜ਼ ਨੂੰ ਪ੍ਰਭਾਵਤ ਕਰਨ ਵਾਲਾ ਹੋਵੇ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਮਿਲੀ ਹਾਰ ਤੋਂ ਬਾਅਦ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਜਾ ਰਿਹਾ ਹੈ ਜਿਸ ਵਿਚ ਪਾਰਟੀ ਦੇ ਅਹੁਦੇਦਾਰ ਐਲਾਨਣ ਤੋਂ ਬਾਅਦ ਦੂਜੇ ਵਿੰਗਾਂ ਦੇ ਪ੍ਰਧਾਨ ਲਗਾਏ ਜਾ ਰਹੇ ਹਨ ਪਰ ਯੂਥ ਵਿੰਗ ਲਈ ਸ਼੍ਰੋਮਣੀ ਅਕਾਲੀ ਦਲ ਅਜਿਹੇ ਸਾਬਤ ਸੂਰਤ ਨੌਜਵਾਨ ਚਿਹਰੇ ਦੀ ਤਲਾਸ਼ ਕਰ ਰਿਹਾ ਹੈ ਜੋ ਪੰਜਾਬ ਦੇ ਨੌਜਵਾਨ ਵਰਗ ਨੂੰ ਸ੍ਰੋਮਣੀ ਅਕਾਲੀ ਦਲ ਨਾਲ ਜੋੜ ਸਕੇ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਿੱਚ ਵੀ ਸ੍ਰੋਮਣੀ ਅਕਾਲੀ ਦਲ ਦੀ ਖੁਸੀ ਪੈਂਠ ਨੂੰ ਦੁਬਾਰਾ ਕਾਇਮ ਕਰ ਸਕੇ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਮਝਦੀ ਹੈ ਕਿ ਪੰਜਾਬ ਵਿਚ ਇਸ ਵੇਲੇ 50 ਫ਼ੀ ਸਦੀ ਦੇ ਕਰੀਬ ਨੌਜਵਾਨ ਵੋਟਰ ਹਨ ਪਰ ਕਿਸੇ ਵੀ ਸਿਆਸੀ ਪਾਰਟੀ ਕੋਲ ਅਜਿਹਾ ਆਗੂ ਨਹੀਂ ਹੈ ਜਿਸ ਪ੍ਰਤੀ ਨੌਜਵਾਨ ਵਰਗ ਵਿਚ ਕੋਈ ਵਿਸ਼ੇਸ਼ ਖਿੱਚ ਹੋਵੇ। ਇਸ ਤੋਂ ਇਲਾਵਾ ਪਿਛਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਜਿਸ ਤਰ੍ਹਾਂ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਵਲੋਂ ਭਾਗ ਲੈਣ, ਦਿਤੇ ਗਏ ਫ਼ੰਡਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਦੇਸ਼ਾਂ ਵਿਚ ਹੋਏ ਵਿਰੋਧ ਨੂੰ ਵੇਖਦਿਆਂ ਵੀ ਪਾਰਟੀ ਹਾਈਕਮਾਂਡ ਨੇ ਮਹਿਸੂਸ ਕੀਤਾ ਹੈ ਕਿ ਯੂਥ ਵਿੰਗ ਦੀ ਕਮਾਂਡ ਕਿਸੇ ਅਜਿਹੇ ਪੜੇ ਲਿਖੇ ਨੌਜਵਾਨ ਆਗੂ ਦੇ ਹੱਥ ਵਿਚ ਦਿਤੀ ਜਾਵੇ ਜੋ ਸਾਬਤ ਸੂਰਤ ਹੁੰਦਿਆਂ ਜਿਥੇ ਸਿੱਖ ਧਰਮ, ਪੰਜਾਬੀਅਤ ਅਤੇ ਪੰਜਾਬ ਦੇ ਮਸਲਿਆਂ ਸਬੰਧੀ ਪੂਰੀ ਤਰ੍ਹਾਂ ਜਾਣਕਾਰ ਹੋਵੇ, ਉਥੇ ਹੀ ਉਹ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਐਨ.ਆਰ.ਆਈ ਵਿਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਆਈ ਕੁੜਤਨ ਨੂੰ ਦੂਰ ਕਰਨ ਦੀ ਸਮਰੱਥਾ ਰਖਦਾ ਹੋਵੇ।