ਮਾਲਵਾ ਖੇਤਰ ਪੁਲਿਸ ਛਾਉਣੀ 'ਚ ਤਬਦੀਲ

ਖ਼ਬਰਾਂ, ਪੰਜਾਬ

ਬਠਿੰਡਾ, 24 ਅਗੱਸਤ (ਸੁਖਜਿੰਦਰ ਮਾਨ): ਡੇਰਾ ਸਿਰਸਾ ਦੀ ਅਦਾਲਤੀ ਪੇਸ਼ੀ ਨੂੰ ਲੈ ਕੇ ਮਾਲਵਾ ਖੇਤਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਦੇ ਹੋਏ ਇਸ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿਤਾ ਗਿਆ।

 

ਬਠਿੰਡਾ, 24 ਅਗੱਸਤ (ਸੁਖਜਿੰਦਰ ਮਾਨ): ਡੇਰਾ ਸਿਰਸਾ ਦੀ ਅਦਾਲਤੀ ਪੇਸ਼ੀ ਨੂੰ ਲੈ ਕੇ ਮਾਲਵਾ ਖੇਤਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਦੇ ਹੋਏ ਇਸ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿਤਾ ਗਿਆ। ਸਾਲ 2007 ਡੇਰਾ ਪ੍ਰੇਮੀਆਂ ਵਲੋਂ ਵੱਡੇ ਪੱਧਰ 'ਤੇ ਕੀਤੀ ਗਈ ਹਿੰਸਕ ਕਾਰਵਾਈ ਦੇ ਮੱਦੇਨਜ਼ਰ ਇਕੱਲੇ ਬਠਿੰਡਾ 'ਚ ਪੰਜਾਬ ਪੁਲਿਸ ਦੇ ਹਜ਼ਾਰਾਂ ਜਵਾਨਾਂ ਤੋਂ ਇਲਾਵਾ ਕੇਂਦਰੀ ਸੁਰੱਖਿਆ ਬਲਾਂ ਦੀਆਂ 11 ਕੰਪਨੀਆਂ ਦੇ ਜਵਾਨ ਤੈਨਾਤ ਕੀਤੇ ਗਏ ਹਨ। ਜਿਨ੍ਹਾਂ ਵਿਚ ਦੋ ਮਹਿਲਾ ਕੰਪਨੀਆਂ ਸ਼ਾਮਲ ਹਨ। ਇਸ ਨਾਲ ਹੀ ਇਹ ਇਲਾਕਾ ਡੇਰਾ ਪ੍ਰੇਮੀਆਂ ਦਾ ਗੜ੍ਹ ਹੋਣ ਕਾਰਨ ਇਥੇ ਹਾਲਾਤ ਵਿਗੜਣ 'ਤੇ ਫ਼ੌਜ ਨੂੰ ਮੋਰਚੇ ਸੰਭਾਲਣ ਲਈ ਤਿਆਰ ਰਹਿਣ ਨੂੰ ਕਹਿ ਦਿਤਾ ਹੈ।
ਸਰਕਾਰ ਵਲੋਂ ਫ਼ੈਸਲੇ ਦੇ ਮੱਦੇਨਜ਼ਰ ਆਮ ਲੋਕਾਂ ਤੇ ਖ਼ਾਸ ਕਰ ਡੇਰਾ ਪ੍ਰੇਮੀਆਂ ਦੇ ਵੱਡੀ ਗਿਣਤੀ 'ਚ ਇਕੱਤਰ ਹੋਣ ਦੀ ਨੌਬਤ ਨਾ ਆਉਣ ਦੇਣ ਲਈ ਅੰਦਰਖਾਤੇ ਗੜਬੜਗ੍ਰਸਤ ਇਲਾਕਿਆਂ 'ਚ ਕਰਫ਼ਿਊ ਲਗਾਉਣ ਲਈ ਤਿਆਰੀਆਂ ਕਰ ਲਈਆਂ ਹਨ। ਸੂਤਰਾਂ ਅਨੁਸਾਰ ਪਹਿਲਾਂ ਭਲਕੇ ਸਵੇਰੇ 6 ਵਜੇ ਤੋਂ ਹੀ ਕਰਫ਼ਿਊ ਲਗਾਏ ਜਾਣ ਦੀ ਸੂਚਨਾ ਸੀ ਪ੍ਰੰਤੂ ਹੁਣ ਸੰਭਾਵਨਾ ਹੈ ਕਿ ਡੇਰਾ ਮੁਖੀ ਦੇ ਮਾਮਲੇ 'ਚ ਅਦਾਲਤ ਵਲੋਂ ਫ਼ੈਸਲਾ ਸੁਣਾਏ ਜਾਣ ਤਕ ਇੰਤਜ਼ਾਰ ਕੀਤਾ ਜਾਵੇਗਾ। ਇਸ ਨਾਲ ਹੀ ਪੰਜਾਬ ਦੇ ਗ੍ਰਹਿ ਵਿਭਾਗ ਵਲੋਂ ਮਾਲਵਾ ਪੱਟੀ 'ਚ ਇਕ ਦਰਜਨ ਦੇ ਕਰੀਬ ਟੈਪਰੇਰੀ ਜੇਲਾਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚੋਂ ਚਾਰ ਇਕੱਲੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ, ਮੋੜ, ਰਾਮਪੁਰਾ ਅਤੇ ਬਠਿੰਡਾ ਵਿਚ ਬਣਾਈਆਂ ਗਈਆਂ ਹਨ। ਜਨਤਕ ਸਥਾਨਾਂ ਅਤੇ ਜਾਇਦਾਦਾਂ ਦੀ ਭੰਨਤੋੜ ਦੀ ਰੋਕਥਾਮ ਵਾਸਤੇ ਅਲੱਗ ਤੋਂ ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਹਨ।
ਪ੍ਰਸ਼ਾਸਨ ਵਲੋਂ ਅੱਜ ਸੌਦਾ ਸਾਧ ਦੀ ਪੇਸ਼ੀ ਦੌਰਾਨ ਡੇਰਾ ਪ੍ਰੇਮੀਆਂ ਦੇ ਇਕੱਠੇ ਹੋਣ ਦੌਰਾਨ ਕੋਈ ਗੜਬੜੀ ਰੋਕਣ ਲਈ ਅੱਜ ਮਾਲਵਾ ਪੱਟੀ ਦੇ ਕਈ ਨਾਮਚਰਚਾ ਘਰਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ। ਅੱਜ ਇਨ੍ਹਾਂ ਨਾਮ ਚਰਚਾ ਘਰਾਂ 'ਚ ਪ੍ਰੇਮੀਆਂ ਵਲੋਂ ਇਕੱਠੇ ਹੋਣ ਦੀ ਸੰਭਾਵਨਾ ਦੇ ਚਲਦੇ ਕਈ ਡੇਰਿਆਂ ਦੇ ਅੱਗੇ ਡੋਰ ਫ਼ਰੇਮ ਮੈਟਲ ਡਿਕਟੇਟਰ ਲਗਾ ਦਿਤੇ ਗਏ ਹਨ ਤਾਂ ਕਿ ਕੋਈ ਵਿਅਕਤੀ ਡੇਰੇ ਅੰਦਰ ਹਥਿਆਰ ਬਗ਼ੈਰਾ ਨਾ ਲਿਜਾ ਸਕੇ।