ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ- ਸਿੰਗੋਵਾਲ ਲਿੰਕ ਰੋਡ 'ਤੇ ਪਿੰਡ ਕੋਠੇ ਭੀਮ ਸੈਣ ਦੇ ਨਜਦੀਕ ਸੜਕ ਹਾਦਸੇ ਵਾਪਰਿਆ। ਇਸ ਹਾਦਸੇ 'ਚ ਇੱਕ ਇੱਟਾਂ ਨਾਲ ਭਰੀ ਟ੍ਰੈਕਟਰ -ਟਰਾਲੀ ਨਾਲ ਕਾਲਜ ਜਾ ਰਹੀਆਂ ਐਕਟਿਵਾ ਸਵਾਰ ਤਿੰਨ ਲੜਕੀਆਂ ਨੂੰ ਸਾਈਡ ਮਾਰ ਦੇਣ ਕਾਰਨ ਇਕ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੋ ਸਹੇਲੀਆਂ ਜਖਮੀ ਹੋ ਗਈਆਂ। ਜਿਨ੍ਹਾਂ 'ਚੋਂ ਇਕ ਸਹੇਲੀ ਦੀਕਸ਼ਾ ਨੂੰ ਦੀਨਾਨਗਰ ਸੀਐਚਸੀ ਅਤੇ ਮਾਨਸੀ ਨੂੰ ਗੰਭੀਰ ਜਖ਼ਮੀ ਹੋਣ ਕਾਰਨ ਗੁਰਦਾਸਪੁਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਲੜਕੀ ਦੀ ਪਹਿਚਾਣ ਵਿਸ਼ਾਲੀ ਪੁੱਤਰੀ ਵਿਜੈ ਕੁਮਾਰ ਵਾਸੀ ਭਟੋਆ ਵਜੋਂ ਹੋਈ ਹੈ। ਘਟਨਾ ਮੌਕੇ ਤੇ ਟ੍ਰੈਕਟਰ ਚਾਲਕ ਨੂੰ ਰਾਹਗੀਰਾਂ ਨੇ ਰੋਕਿਆ ਪਰ ਉਹ ਟ੍ਰੈਕਟਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਹਸਪਤਾਲ ਭੇਜ ਦਿੱਤਾ ਅਤੇ ਟ੍ਰੈਕਟਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐਸਐਚਓ ਬਲਦੇਵ ਰਾਜ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਲਾਸ਼ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਦਿੱਤੀ ਹੈ। ਘਟਨਾ ਉਪਰੰਤ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਟ੍ਰੈਕਟਰ-ਟਰਾਲੀ ਨੂੰ ਕਬਜੇ ਵਿਚ ਲੈ ਲਿਆ ਹੈ ਅਤੇ ਟ੍ਰੈਕਟਰ ਚਾਲਕ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ।