ਹੁਣ ਝੋਨੇ ਲਈ ਵਰਤੀ ਜਾਣ ਵਾਲੀ ਨਕਲੀ ਕੀਟਨਾਸ਼ਕ ਸਾਹਮਣੇ ਆਈ

ਖ਼ਬਰਾਂ, ਪੰਜਾਬ

ਬਠਿੰਡਾ, 3 ਅਗੱੱਸਤ (ਸੁਖਜਿੰਦਰ ਮਾਨ) : ਸੂਬੇ 'ਚ ਨਰਮੇ ਤੋਂ ਬਾਅਦ ਹੁਣ ਝੋਨੇ ਲਈ ਵਰਤੀ ਜਾਣ ਵਾਲੀ ਨਕਲੀ ਕੀਟਨਾਸ਼ਕ ਦਾ ਮਾਮਲਾ ਸਾਹਮਣੇ ਆਇਆ ਹੈ। ਦਖਣੀ ਹਰਿਆਣਾ ਦੇ ਸਿਰਸਾ 'ਚੋਂ ਧੜਾਧੜ ਇਹ ਨਕਲੀ ਕੀਟਨਾਸ਼ਕ ਪੰਜਾਬ 'ਚ ਆ ਰਿਹਾ ਹੈ।

ਬਠਿੰਡਾ, 3 ਅਗੱੱਸਤ (ਸੁਖਜਿੰਦਰ ਮਾਨ) : ਸੂਬੇ 'ਚ ਨਰਮੇ ਤੋਂ ਬਾਅਦ ਹੁਣ ਝੋਨੇ ਲਈ ਵਰਤੀ ਜਾਣ ਵਾਲੀ ਨਕਲੀ ਕੀਟਨਾਸ਼ਕ ਦਾ ਮਾਮਲਾ ਸਾਹਮਣੇ ਆਇਆ ਹੈ। ਦਖਣੀ ਹਰਿਆਣਾ ਦੇ ਸਿਰਸਾ 'ਚੋਂ ਧੜਾਧੜ ਇਹ ਨਕਲੀ ਕੀਟਨਾਸ਼ਕ ਪੰਜਾਬ 'ਚ ਆ ਰਿਹਾ ਹੈ।
ਬੀਤੇ ਦਿਨੀਂ ਖੇਤੀਬਾੜੀ ਵਿਭਾਗ ਵਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮਖੂ ਖੇਤਰ 'ਚ ਪੁਲਿਸ ਦੀ ਮਦਦ ਨਾਲ ਕਾਰਟਿਪ ਹਾਈਡਰੋਕਲੋਰਾਈਡ ਨਾਂ ਦੇ ਕੀਟਨਾਸ਼ਕਾਂ ਨਾਲ ਭਰਿਆ ਟਰੱਕ ਫੜਿਆ ਹੈ ਜਿਸ ਦੇ ਸੈਂਪਲ ਲੈਬਾਰਟਰੀਆਂ ਵਿਚੋਂ ਫੇਲ ਹੋ ਗਏ ਹਨ। ਸਿਰਸਾ ਦੀ ਇਕ ਫ਼ਰਮ ਤੋਂ ਆ ਰਹੇ ਇਸ ਨਕਲੀ ਕੀਟਨਾਸ਼ਕ ਨੇ ਖੇਤੀਬਾੜੀ ਵਿਭਾਗ 'ਚ ਖਲਬਲੀ ਮਚਾ ਦਿਤੀ ਹੈ। ਸੂਤਰਾਂ ਅਨੁਸਾਰ ਅੱਧ ਮੁੱਲ 'ਤੇ ਆ ਰਹੇ ਇਸ ਕੀਟਨਾਸ਼ਕ ਦੀ ਪੰਜਾਬ ਦੇ ਕਿਸਾਨਾਂ ਵਲੋਂ ਹੱਥੋ ਹੱਥ ਖ਼ਰੀਦ ਕੀਤੀ ਜਾ ਰਹੀ ਹੈ। ਅੱਜ ਇਸ ਮਾਮਲੇ ਸਬੰਧੀ ਵਧੀਕ ਮੁੱਖ ਸਕੱਤਰ ਖੇਤੀਬਾੜੀ ਐਮ.ਪੀ ਸਿੰਘ ਵਲੋਂ ਵਿਭਾਗ ਦੇ ਡਾਇਰੈਕਟਰ ਡਾ. ਜਸਵੀਰ ਸਿੰਘ ਬੈਂਸ ਸਮੇਤ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ।
ਸੂਤਰਾਂ ਅਨੁਸਾਰ ਪੰਜਾਬ ਦੇ ਅਧਿਕਾਰੀਆਂ ਨੇ ਸਿਰਸਾ ਦੀ ਉਕਤ ਫ਼ਰਮ ਦੀ ਨਿਸ਼ਾਨਦੇਹੀ ਕਰ ਕੇ ਇਸ ਸਬੰਧ 'ਚ ਹਰਿਆਣਾ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿਤਾ ਹੈ। ਪਤਾ ਲੱਗਾ ਹੈ ਕਿ ਭਲਕੇ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਟੀਮ ਵਲੋਂ ਉਕਤ ਫ਼ਰਮ ਵਿਰੁਧ ਕਾਰਵਾਈ ਲਈ ਤਿਆਰੀ ਕਰ ਲਈ ਹੈ। ਪਿਛਲੇ ਕੁੱਝ ਦਿਨਾਂ ਤੋਂ ਖੇਤੀਬਾੜੀ ਵਿਭਾਗ ਪੰਜਾਬ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਝੋਨੇ 'ਚ ਪੱਤਾ ਲਪੇਟ ਸੁੰਡੀ ਅਤੇ ਹਰੇ ਟਿੱਡੇ ਤੋਂ ਬਚਾਅ ਲਈ ਝੋਨੇ 'ਚ ਉਕਤ ਦਵਾਈ ਦਾ ਪ੍ਰਤੀ ਏਕੜ ਦਸ ਕਿਲੋ ਛਿੜਕਾਅ ਕੀਤਾ ਜਾਂਦਾ ਹੈ। ਕਿਸਾਨਾਂ ਵਲੋਂ ਇਸ ਨੂੰ ਸਿੱਧਾ ਹੀ ਖੇਤਾਂ ਵਿਚ ਸੁੱਟ ਦਿਤਾ ਜਾਂਦਾ ਹੈ।
ਖੇਤੀਬਾੜੀ ਵਿਭਾਗ ਦੇ ਸੂਤਰਾਂ ਮੁਤਾਬਕ ਪੰਜਾਬ 'ਚ ਇਸ ਦਵਾਈ ਦੀ ਕੀਮਤ ਪ੍ਰਤੀ ਏਕੜ 55 ਰੁਪਏ ਤੋਂ ਲੈ ਕੇ 60 ਰੁਪਏ ਤਕ ਹੈ ਪਰ ਹਰਿਆਣਾ ਦੇ ਸਿਰਸਾ ਦੀ ਉਕਤ ਫ਼ਰਮ ਵਲੋਂ ਕਿਸਾਨਾਂ ਨੂੰ ਇਹ ਅੱਧੇ ਮੁਲ 'ਤੇ ਹੀ ਵੇਚੀ ਜਾ ਰਹੀ ਹੈ।
ਖੇਤੀਬਾੜੀ ਅਧਿਕਾਰੀਆਂ ਨੇ ਕੁੱਝ ਦਿਨ ਪਹਿਲਾਂ ਇਸ ਬਾਰੇ ਪਤਾ ਚੱੱਲਣ 'ਤੇ ਮੋਗਾ ਜ਼ਿਲ੍ਹੇ ਦੇ ਕੁੱਝ ਕਿਸਾਨਾਂ ਕੋਲੋਂ ਇਹ ਦਵਾਈ ਲੈ ਕੇ ਇਸ ਦੇ ਸੈਂਪਲ ਭਰ ਕੇ ਟੈਸਟ ਵੀ ਕਰਵਾਏ ਸਨ ਜਿਨ੍ਹਾਂ ਦਾ ਨਤੀਜਾ ਬਿਲਕੁਲ ਜ਼ੀਰੋ ਆਇਆ ਹੈ ਜਦਕਿ ਇਸ ਦਵਾਈ 'ਚ ਜ਼ਹਿਰ ਦੀ ਮਾਤਰਾ 4 ਫ਼ੀ ਸਦੀ ਹੋਣੀ ਲਾਜ਼ਮੀ ਹੈ। ਇਸੇ ਤਰ੍ਹਾਂ ਇਸੇ ਕੀਟਨਾਸ਼ਕ ਦੇ ਮਖੂ ਕੋਲੋਂ ਫੜੇ ਟਰੱਕ ਦੇ ਸੈਂਪਲ ਵੀ ਫ਼ੇਲ ਹੋ ਗਏ ਹਨ। ਇਸ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਦੇ ਕੰਨ ਖੜੇ ਹੋ ਗਏ ਹਨ। ਖੇਤੀਬਾੜੀ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਸਿਰਸਾ ਦੀ ਪ੍ਰਾਈਵੇਟ ਫ਼ਰਮ ਸਿਰਫ਼ ਪਾਣੀ 'ਚ ਯੂਰੀਆ ਆਦਿ ਪਾ ਕੇ ਹੀ ਇਸ ਨੂੰ ਕਿਸਾਨਾਂ ਨੂੰ ਵੇਚ ਰਹੀ ਹੈ। ਸਸਤੀ ਹੋਣ ਕਾਰਨ ਦਖਣੀ ਮਾਲਵਾ ਦੇ ਕਿਸਾਨਾਂ ਵਲੋਂ ਵੱੱਡੀ ਪੱਧਰ 'ਤੇ ਆਪੋ ਅਪਣੇ ਸਾਧਨਾਂ ਰਾਹੀ ਇਕੱਠੇ ਹੋ ਕੇ ਇਸ ਫ਼ਰਮ ਤੋਂ ਇਹ ਕੀਟਨਾਸ਼ਕ ਖ਼ਰੀਦੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਸਾਧਨਾਂ ਰਾਹੀ ਵੀ ਪੰਜਾਬ ਦੇ ਦੂਜੇ ਖੇਤਰਾਂ 'ਚ ਇਸ ਨੂੰ ਪਹੁੰਚਾਏ ਜਾਣ ਦੀ ਸੂਚਨਾ ਹੈ।