ਸਿੱਖ ਦਿਵਸ ਪਰੇਡ ‘ਤੇ ਹਥਿਆਰਬੰਦ ਫੌਜੀਆਂ ਦੀ ਸ਼ਮੂਲੀਅਤ ਨੂੰ ਲੈ ਕੇ ਉਠਿਆ ਵਿਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੈਨੇਡਾ ਵਿਚ ਸਿੱਖ ਦਿਵਸ ਪਰੇਡ ‘ਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

Sikh day Parade

ਕੈਨੇਡਾ ਵਿਚ ਸਿੱਖ ਦਿਵਸ ਪਰੇਡ ‘ਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਪਰੇਡ ਵਿਚ ਕੈਨੇਡਾ ਦੀ ਪੁਲਿਸ ਅਤੇ ਫੌਜ ਦਾ ਇਕ ਸਮੂਹ ਵੀ ਸ਼ਾਮਿਲ ਸੀ ਜਿਸ ਦੇ ਜ਼ਿਆਦਾਤਰ ਮੈਂਬਰ ਸਿੱਖ ਸਨ। ਪਰ ਕੈਨੇਡਾ ਦੀ ਫੌਜ ਨੂੰ ਹੁਣ ਇਹ ਨਹੀਂ ਪਤਾ ਕਿ ਸਿੱਖ ਭਾਈਚਾਰੇ ਲਈ ਐਤਵਾਰ ਨੂੰ ਸਿੱਖ ਦਿਵਸ ਪਰੇਡ ਮੌਕੇ ‘ਤੇ ਫੌਜੀਆਂ ਦੇ ਇਸ ਸਮੂਹ ਨੂੰ ਹਥਿਆਰ ਕਿਉਂ ਦਿੱਤੇ ਗਏ ਸਨ ਅਤੇ ਇਸ ਦੀ ਮਨਜ਼ੂਰੀ ਕਿਸ ਵੱਲੋਂ ਦਿੱਤੀ ਗਈ।

ਸਿੱਖ ਦਿਵਸ ਪਰੇਡ ਦੀਆਂ ਤਸਵੀਰਾਂ ਵਿਚ ਇਹ ਦੇਖਿਆ ਜਾ ਸਕਦਾ ਹੈ ਕਿ ਇਸ ਪਰੇਡ ਵਿਚ ਕਈ ਸਿੱਖ ਫੌਜੀ ਵੀ ਪਰੇਡ ਕਰ ਰਹੇ ਸਨ ਅਤੇ ਉਹਨਾਂ ਕੋਲ ਬੰਦੂਕਾਂ ਵੀ ਸਨ ਪਰ ਫੌਜ ਦੇ ਨਿਯਮਾਂ ਅਨੁਸਾਰ ਇਹਨਾਂ ਬੰਦੂਕਾਂ ਦੀ ਵਰਤੋਂ ਆਮ ਤੌਰ ‘ਤੇ ਨਹੀਂ ਕੀਤੀ ਜਾਂਦੀ ਹੈ। ਕੈਨੇਡੀਅਨ ਫੌਜ ਦੇ ਬੁਲਾਰੇ ਅਨੁਸਾਰ ਫੌਜੀ ਇਹਨਾਂ ਹਥਿਆਰਾਂ ਨੂੰ ਕੇਵਲ ਮਿਲਟਰੀ ਪਰੇਡ ਦੇ ਮੌਕੇ ‘ਤੇ ਹੀ ਵਰਤ ਸਕਦੇ ਹਨ। ਲੌਰਨ ਸਕੋਟਸ ਰਿਵਰਸ ਯੂਨੀਟ ਦੇ ਕਮਾਂਡਿਗ ਅਫਸਰ ਨੇ ਹਥਿਆਰਾਂ ਲਈ ਦਸਤਖਤ ਵੀ ਕੀਤੇ ਸਨ। ਫੌਜ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਦੇ ਕਮਾਂਡਰ ਨੇ ਪਰੇਡ ਵਿਚ ਹਥਿਆਰਾਂ ਲਈ ਮਨਜ਼ੂਰੀ ਦਿੱਤੀ। 

ਕੈਨੇਡੀਅਨ ਫੌਜ ਸਿੱਖ ਦਿਵਸ ਪਰੇਡ ਦੇ ਮੌਕੇ ‘ਤੇ ਜਾਰੀ ਕੀਤੇ ਗਏ ਹਥਿਆਰਾਂ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਜਾਰੀ ਹੈ। ਸਿੱਖਾਂ ਦੇ ਤਿਉਹਾਰ ਵਿਸਾਖੀ ਮੌਕੇ ਟੋਰਾਂਟੋ ਵਿਚ ਸਿੱਖ ਡੇ ਪਰੇਡ ਆਯੋਜਿਤ ਕੀਤੀ ਗਈ ਸੀ। ਇਸ ਸਾਲ ਦੀ ਸਿੱਖ ਦਿਵਸ ਪਰੇਡ ਇਸ ਲਈ ਵੀ ਜਰੂਰੀ ਸੀ ਕਿਉਂਕਿ ਇਸ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡਾ ਐਲਾਨ ਕਰਦੇ ਹੋਏ ਸਾਲ 2018 ਦੀ ਰਿਪੋਰਟ ਵਿਚੋਂ ਸ਼ਬਦ ‘ਸਿੱਖ ਅਤਿਵਾਦ’ ਹਟਾ ਦਿਤਾ ਸੀ। 

ਵਿਸ਼ਵ ਸਿੱਖ ਸੰਸਥਾ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਕੁਝ ਲੋਕ ਸਿੱਖ ਕੱਟੜਪੰਥੀ ਨੂੰ ਭੜਕਾਉਣ ਲਈ ਐਤਵਾਰ ਨੂੰ ਆਯੋਜਿਤ ਕੀਤੀ ਗਈ ਸਿੱਖ ਦਿਵਸ ਪਰੇਡ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੀ ਵਰਤੋਂ ਕਰ ਸਕਦੇ ਹਨ ਪਰ ਸਿੱਖ ਪਰੇਡ ਦਾ ਕੱਟੜਪੰਥੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਈ ਵਾਰ ਫੌਜ ਨੇ ਅਜਿਹੇ ਮੌਕਿਆਂ ‘ਤੇ ਹਿੱਸਾ ਲਿਆ ਹੈ। ਉਹਨਾਂ ਅਨੁਸਾਰ ਇਸ ਪਰੇਡ ਵਿਚ ਜੇਕਰ ਸਿੱਖਾਂ ਦੀ ਜਗ੍ਹਾ ਗੋਰਿਆਂ ਦਾ ਸਮੂਹ ਫੌਜ ਦੀ ਵਰਦੀ ਵਿਚ ਹੁੰਦਾ ਤਾਂ ਲੋਕਾਂ ਦਾ ਨਜ਼ਰੀਆ ਕੁਝ ਹੋਰ ਹੁੰਦਾ ਅਤੇ ਇਹ ਪਰੇਡ ਇਸ ਤਰ੍ਹਾਂ ਮੁੱਦਾ ਨਾ ਬਣਦੀ।