ਅਮਰੀਕਾ ਦੀ ਸਟੇਟ ਕਨੈਕਟੀਕਟ ਨੇ 29 ਅਪ੍ਰੈਲ ਨੂੰ ‘ਸਿੱਖ ਆਜ਼ਾਦੀ ਦਿਵਸ ਦੇ ਐਲਾਨਨਾਮੇ’ ਵਜੋਂ ਦਿਤੀ ਮਾਨਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਨੈਕਟੀਕਟ ਸਟੇਟ ਦੀ ਜਨਰਲ ਅਸੈਂਬਲੀ ਨੇ ਸਿੱਖ ਕੌਮ ਨੂੰ ਦਿਤੀਆਂ ਵਧਾਈਆਂ

photo

 

ਕੋਟਕਪੂਰਾ (ਗੁਰਿੰਦਰ ਸਿੰਘ) : ਸਟੇਟ ਆਫ਼ ਕਨੈਕਟੀਕਟ ਜਨਰਲ ਅਸੈਂਬਲੀ ਨੇ 29 ਅਪ੍ਰੈਲ ਨੂੰ ਸਿੱਖ ਨਸਲਕੁਸ਼ੀ ਯਾਦਗਾਰ ਦਿਵਸ ਵਜੋਂ ਮਾਨਤਾ ਦਿਤੀ। ਇਸ ਸਬੰਧੀ ਪ੍ਰਸ਼ੰਸਾ ਪੱਤਰ ਸਟੇਟ ਸੈਨੇਟਰ ਕੈਥੀ ਓਸਟਨ ਵਲੋਂ ਜਾਰੀ ਕੀਤਾ ਗਿਆ ਜਿਸ ਨੂੰ ਕਈ ਹੋਰ ਸਟੇਟ ਸੈਨੇਟਰਾਂ ਅਤੇ ਸਟੇਟ ਦੇ ਪ੍ਰਤੀਨਿਧਾਂ ਵਲੋਂ ਹਮਾਇਤ ਦਿਤੀ ਗਈ ਸੀ।ਇਹ ਪੱਤਰ ਨਾਰਵਿਚ ਸਿਟੀ ਹਾਲ ਦੇ ਬਾਹਰ ਪੜਿ੍ਹਆ ਗਿਆ, ਜਿਥੇ ਕਿ ਮੇਅਰ ਪੀਟਰ ਨਿਸਟ੍ਰੋਮ, ਨਾਰਵਿਚ ਸਿਟੀ ਕੌਂਸਲ ਦੇ ਮੈਂਬਰ ਸਵਰਨਜੀਤ ਸਿੰਘ ਖ਼ਾਲਸਾ ਅਤੇ ਡੇਰੇਲ ਵਿਲਸਨ ਵੀ ਮੌਜੂਦ ਸਨ।

ਉਨ੍ਹਾਂ ਕਿਹਾ,“ਕਨੈਕਟੀਕਟ ਸਟੇਟ ਦੀ ਜਨਰਲ ਅਸੈਂਬਲੀ ਸਿੱਖ ਕੌਮ ਦੀ ਆਜ਼ਾਦੀ ਦੇ ਐਲਾਨਨਾਮੇ ਦੀ 36ਵੀਂ ਵਰ੍ਹੇਗੰਢ ਦੇ ਸਨਮਾਨ ’ਚ ਵਰਲਡ ਸਿੱਖ ਪਾਰਲੀਮੈਂਟ ਨੂੰ ਅਪਣੇ ਵਲੋਂ ਵਧਾਈਆਂ ਪੇਸ਼ ਕਰਦੀ ਹੈ। ਅਸੀਂ ਤੁਹਾਡੇ ਨਾਲ ਸਾਰੇ ਦੋਸਤਾਂ-ਮਿੱਤਰਾਂ ਤੇ ਪ੍ਰਵਾਰਾਂ ਸਮੇਤ 29 ਅਪ੍ਰੈਲ 1986 ਨੂੰ ਪੰਜਾਬ ਦੇ ਮੁਕੱਦਸ ਸ਼ਹਿਰ ਅੰਮ੍ਰਿਤਸਰ ਸਾਹਿਬ ’ਚ ਸਥਿਤ ਸਿੱਖ ਪ੍ਰਭੂਸੱਤਾ ਦੇ ਕੇਂਦਰ ‘ਅਕਾਲ ਤਖ਼ਤ ਸਾਹਿਬ’ ਵਿਖੇ ਸਿੱਖ ਕੌਮ ਦੇ ਸਮੂਹਕ ਇਕੱਠ “ਸਰਬੱਤ ਖ਼ਾਲਸਾ’’ ਵਲੋਂ ਪਾਸ ਕੀਤੇ ਇਤਿਹਾਸਕ ਆਜ਼ਾਦੀ ਦੇ ਮਤੇ ਦੀ ਯਾਦ ’ਚ ਸ਼ਾਮਲ ਹੁੰਦੇ ਹਾਂ। ਕਨੈਕਟੀਕਟ ਦੀ ਸਿਟੀ ਨੌਰਵਿਚ ਨੇ ਵੀ 29 ਅਪ੍ਰੈਲ ਨੂੰ ਸਿੱਖ ਆਜ਼ਾਦੀ ਦਿਵਸ ਦੇ ਐਲਾਨਨਾਮੇ ਵਜੋਂ ਐਲਾਨਿਆ ਹੈ। 

 ਇਸ ਵਿਸ਼ੇਸ਼ ਸਮਾਗਮ ਮੌਕੇ ਸਰਬੱਤ ਖ਼ਾਲਸਾ ਵਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਭਾਵਪੂਰਤ ਸੰਦੇਸ਼ ਵੀ ਪੜ੍ਹਿਆ ਗਿਆ ਜੋ ਕਿ ਬਹੁਤ ਖਿੱਚ ਦਾ ਕੇਂਦਰ ਬਣਿਆ। ‘ਰੋਜ਼ਾਨਾ ਸਪੋਕਸਮੈਨ’ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਪ੍ਰੈਸ ਨੋਟ ਭੇਜਣ ਦੀਆਂ ਸੇਵਾਵਾਂ ਨਿਭਾਉਣ ਵਾਲੇ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਇਸ ਮੌਕੇ ਕਿਹਾ ਕਿ ਸਿਟੀ ਆਫ਼ ਨਾਰਵਿਚ ਅਤੇ ਸਟੇਟ ਆਫ਼ ਕਨੈਕਟੀਕਟ ਸਿੱਖਾਂ ਦੇ ਸਹਿਯੋਗੀ ਅਤੇ ਭਾਈਵਾਲ ਰਹੇ ਹਨ ਅਤੇ ਸਿੱਖਾਂ ਨੂੰ ਹਮੇਸ਼ਾ ਅਪਣੀਆਂ ਭਾਵਨਾਵਾਂ ਅਤੇ ਸੰਘਰਸ਼ਾਂ ਨੂੰ ਸਾਂਝਾ ਕਰਨ ਲਈ ਪਲੇਟਫ਼ਾਰਮ ਦਿਤਾ ਹੈ।

ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਡਾ. ਅਮਰਜੀਤ ਸਿੰਘ ਨੇ ਅੱਜ ਮੁੱਖ ਬੁਲਾਰੇ ਵਜੋਂ ਇਸ ਦਿਨ ਦੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਇਸ ਤੱਥ ਨੂੰ ਉਜਾਗਰ ਕੀਤਾ ਕਿ ਭਾਰਤ ਸਰਕਾਰ ਨੇ ਸਿੱਖਾਂ ਨੂੰ ਇਸ ਮੁਕਾਮ ’ਤੇ ਧੱਕ ਦਿਤਾ ਕਿ ਉਨ੍ਹਾਂ ਨੂੰ ਇਹ ਮਤਾ ਪਾਸ ਕਰਨਾ ਪਿਆ ਅਤੇ ਆਜ਼ਾਦ ਹੋਣ ਦੀ ਕੌਮੀ ਇੱਛਾ ਦਾ ਐਲਾਨ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ।

ਸਵਰਨਜੀਤ ਸਿੰਘ ਖ਼ਾਲਸਾ ਮੈਂਬਰ ਨਾਰਵਿਚ ਸਿਟੀ ਕੌਂਸਲ ਨੇ ਇਸ ਗੱਲ ਨੂੰ ਸਪੱਸ਼ਟ ਕੀਤਾ ਕਿ ਪੰਜਾਬ ਦੇ ਖੇਤਰ ਤੇ ਜ਼ਬਰਦਸਤੀ ਕਬਜ਼ਾ ਕੀਤਾ ਗਿਆ ਹੈ ਅਤੇ ਪੰਜਾਬ ਅਜੇ ਵੀ ਸੰਯੁਕਤ ਰਾਸ਼ਟਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਪਣੀ ਆਜ਼ਾਦੀ ਦੀ ਮੰਗ ਕਰਦਾ ਹੈ। ਇਸ ਸਮਾਗਮ ’ਚ ਅਮਰੀਕੀ ਸੈਨੇਟਰ ਕ੍ਰਿਸ ਮਰਫੀ ਦਾ ਖ਼ਾਸ ਸੰਦੇਸ਼ ਵੀ ਪੜ੍ਹਿਆ ਗਿਆ। ਕਨੈਕਟੀਕਟ ਦੇ ਲੈਫ਼ਟੀਨੈਂਟ ਗਵਰਨਰ ਸੂਜਨ ਬਾਈਸੀਵਿਜ਼ ਨੇ ਵੀ ਸਿੱਖ ਕੌਮ ਨੂੰ ਅਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ, ਜਿਸ ਨੂੰ ਸਿਟੀ ਆਫ਼ ਨਾਰਵਿਚ ਦੇ ਨੁਮਾਇੰਦਿਆਂ ਨੇ ਪੜ੍ਹ ਕੇ ਸੁਣਾਇਆ।