ਅਮਰੀਕਾ ਵਿਚ ਸਿੱਖਾਂ ਦੀ ਵੱਡੀ ਪ੍ਰਾਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਨਿਊਜਰਸੀ ਸੈਨੇਟ ਅਤੇ ਅਸੈਂਬਲੀ ਨੇ ਸਾਂਝੇ ਤੌਰ 'ਤੇ ਇਕ ਅਹਿਮ ਬਿਲ ਕੀਤਾ ਪਾਸ

Sikh

ਗੁਰੂ ਗ੍ਰੰਥ ਸਾਹਿਬ ਨੂੰ 'ਜਾਗਤ ਜੋਤ' ਗੁਰੂ ਦੇ ਤੌਰ 'ਤੇ ਕੀਤਾ ਗਿਆ ਪ੍ਰਵਾਨ

ਕੋਟਕਪੂਰਾ, 30 ਜੂਨ (ਗੁਰਿੰਦਰ ਸਿੰਘ) : ਸੋਮਵਾਰ ਦਾ ਦਿਨ ਵਿਸ਼ਵ ਭਰ ਦੇ ਸਿੱਖਾਂ ਲਈ ਇਕ ਨਿਵੇਕਲੀ ਖ਼ੁਸ਼ਖ਼ਬਰੀ ਲੈ ਕੇ ਆਇਆ ਹੈ ਕਿਉਂਕਿ ਅਮਰੀਕਾ ਦੀ ਨਿਊਜਰਸੀ ਸਟੇਟ ਦੀ ਸੈਨੇਟ ਅਤੇ ਅਸੈਂਬਲੀ ਨੇ ਇਕ ਜੁਆਇੰਟ ਬਿਲ ਪਾਸ ਕੀਤਾ ਹੈ ਜਿਸ 'ਚ ਗੁਰੂ ਗ੍ਰੰਥ ਸਾਹਿਬ ਨੂੰ ਸੈਨੇਟ ਅਤੇ ਅਸੈਂਬਲੀ ਵਲੋਂ ਧਾਰਮਕ, ਸਭਿਆਚਾਰਕ ਅਤੇ ਬਾਕੀ ਧਰਮਾਂ ਨਾਲ ਸਾਂਝ ਬਣਾਈ ਰੱਖਣ ਦਾ ਦਰਜਾ ਦਿੰਦਿਆਂ ਜਾਗਤ ਜੋਤ ਗੁਰੂ ਦੇ ਤੌਰ 'ਤੇ ਪ੍ਰਵਾਨ ਵੀ ਕੀਤਾ ਹੈ । ਉਕਤ ਬਿਲ 'ਚ ਸਿੱਖ ਕੌਮ ਨੂੰ ਵਖਰਾ ਧਰਮ ਅਤੇ ਘੱਟ ਗਿਣਤੀ ਧਰਮ ਦੇ ਤੌਰ 'ਤੇ ਐਲਾਨਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਬੂਟਾ ਸਿੰਘ ਖੜੌਦ ਅਤੇ ਪ੍ਰੋ. ਬਲਜਿੰਦਰ ਸਿੰਘ ਮੌਰਜੰਡ ਨੇ ਦਸਿਆ ਕਿ ਇਸ ਬਿਲ ਨੂੰ ਸੈਨੇਟ ਅਤੇ ਅਸੈਂਬਲੀ 'ਚ ਕ੍ਰਮਵਾਰ ਪਿਛਲੇ ਸਾਲ ਦਸੰਬਰ ਅਤੇ ਇਸ ਸਾਲ ਫ਼ਰਵਰੀ 'ਚ ਪੇਸ਼ ਕੀਤਾ ਗਿਆ ਸੀ ਪਰ ਇਸ ਸਾਲ 15 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਨੁਮਾਇੰਦਿਆਂ ਵਲੋਂ ਮਿਜਊਰਟੀ ਸੈਨੇਟ ਆਫ਼ਿਸ ਨਾਲ ਮੀਟਿੰਗ ਕਰ ਕੇ ਬਿਲ 'ਚ ਕੁੱਝ ਸੋਧਾਂ ਕਰ ਕੇ ਦਰੁਸਤ ਕੀਤਾ ਗਿਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਹਿਮਤੀ ਤੋਂ ਬਾਅਦ ਦੁਬਾਰਾ ਸੈਨੇਟ 'ਚ 22 ਜੂਨ ਨੂੰ ਪੇਸ਼ ਕੀਤਾ ਗਿਆ ਜਿਸ ਦੇ ਸਪਾਂਸਰ ਮਿਸਟਰ ਸਟੀਫ਼ਨ ਸਬੀਨੀ ਜੋ ਕਿ ਨਿਊਜਰਸੀ ਸਟੇਟ ਦੀ ਸੈਨੇਟ ਦੇ ਪ੍ਰਧਾਨ ਹਨ ਅਤੇ ਕੋ-ਸਪਾਂਸਰ ਪੈਟਰਿਕ ਡੀਗਨੈਨ ਹਨ। ਮਿਸਟਰ ਪੈਟਰਿਕ ਡੀਗਨੈਨ ਦੀਆਂ ਕੋਸ਼ਿਸ਼ਾਂ ਸਦਕਾ ਇਹ ਪ੍ਰਸਤਾਵ ਸੈਨੇਟ 'ਚ ਬੀਤੇ ਦਿਨੀਂ ਸੋਮਵਾਰ ਨੂੰ 37-0 ਦੀ ਬਹੁਗਿਣਤੀ ਨਾਲ ਪਾਸ ਕਰ ਦਿਤਾ ਗਿਆ।

ਉਨ੍ਹਾਂ ਕਿਹਾ ਕਿ ਅਸੀਂ ਨਿਊਜਰਸੀ ਸੈਨੇਟ ਤੇ ਅਸੈਂਬਲੀ ਦੇ ਧਨਵਾਦੀ ਹਾਂ। ਅਮਰੀਕਾ ਦੀ ਨਿਊਜਰਸੀ ਇਕ ਇਹੋ ਜਿਹੀ ਸਟੇਟ ਹੈ, ਜਿਥੇ ਸਿੱਖਾਂ ਦਾ ਭਾਰੀ ਬੋਲਬਾਲਾ ਹੈ। ਇਸ ਸਟੇਟ ਦੇ ਅਟਾਰਨੀ ਜਨਰਲ ਵੀ ਗੁਰਵੀਰ ਸਿੰਘ ਗਰੇਵਾਲ ਸਿੱਖ ਹਨ। ਉਨ੍ਹਾਂ ਜਥੇਬੰਦੀ ਵਲੋਂ ਨਿਊਜਰਸੀ ਦੇ ਸਾਰੇ ਨਾਨਕ ਨਾਮਲੇਵਾ ਸਿੱਖਾਂ ਅਤੇ ਸਮੂਹ ਗੁਰਦਵਾਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦਾ ਧਨਵਾਦ ਕਰਦਿਆਂ ਅਖਿਆ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਪ੍ਰਭਾਵ ਨਿਊਜਰਸੀ ਦੀ ਰਾਜਨੀਤਕ ਲੀਡਰਸ਼ਿਪ 'ਚ ਹੈ।