ਅਮਰੀਕਾ ਅਤੇ ਭਾਰਤ ਦੇ ਰਿਸ਼ਤੇ ਚੰਦਰਯਾਨ ਵਾਂਗ ਚੰਨ ਤਕ ਪਹੁੰਚਣਗੇ: ਜੈਸ਼ੰਕਰ
ਕਿਹਾ, ਪਰਵਾਸੀ ਭਾਰਤੀਆਂ ਨੇ ਦੁਵੱਲੇ ਸਬੰਧਾਂ ਨੂੰ ਬਣਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ
ਵਾਸ਼ਿੰਗਟਨ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਹੁਣ ਤਕ ਦੇ ਉੱਚੇ ਪੱਧਰ ’ਤੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਨ੍ਹਾਂ ਨੂੰ ਇਕ ਵੱਖਰੇ ਪੱਧਰ ’ਤੇ ਲੈ ਕੇ ਜਾਵੇਗੀ।
ਜੈਸ਼ੰਕਰ ਨੇ ਕਿਹਾ ਕਿ ਇਹ ਦੁਵੱਲੇ ਸਬੰਧ ਚੰਦਰਯਾਨ ਵਾਂਗ ਚੰਨ ਤਕ ਪਹੁੰਚਣਗੇ। ਇੱਥੇ ਭਾਰਤੀ ਸਫ਼ਾਰਤਖ਼ਾਨੇ ਵਲੋਂ ਸ਼ਨਿਚਰਵਾਰ ਨੂੰ ਕਰਵਾਏ ‘ਸੇਲੀਬ੍ਰੇਟਿੰਗ ਕਲਰਸ ਆਫ ਫਰੈਂਡਸ਼ਿਪ’ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ‘ਇੰਡੀਆ ਹਾਊਸ’ ’ਚ ਇਕੱਠੇ ਹੋਏ ਸੈਂਕੜੇ ਭਾਰਤੀ-ਅਮਰੀਕੀਆਂ ਨੂੰ ਸੰਬੋਧਿਤ ਕਰਦੇ ਹੋਏ ਜੈਸ਼ੰਕਰ ਨੇ ਕਿਹਾ, ‘‘ਅੱਜ ਇਕ ਸਪੱਸ਼ਟ ਸੰਦੇਸ਼ ਹੈ ਕਿ ਸਾਡਾ ਰਿਸ਼ਤਾ ਸਭ ਤੋਂ ਉੱਚੇ ਪੱਧਰ ’ਤੇ ਹੈ, ਪਰ ਜਿਵੇਂ ਕਿ ਅਮਰੀਕਾ ’ਚ ਕਿਹਾ ਜਾਂਦਾ ਹੈ ਤੁਸੀਂ ਅਜੇ ਤਕ ਕੁਝ ਨਹੀਂ ਵੇਖਿਆ, ਅਸੀਂ ਇਨ੍ਹਾਂ ਸਬੰਧਾਂ ਨੂੰ ਇਕ ਵੱਖਰੇ ਪੱਧਰ ’ਤੇ, ਇਕ ਵੱਖਰੀ ਜਗ੍ਹਾ ’ਤੇ ਲੈ ਕੇ ਜਾਣ ਵਾਲੇ ਹਾਂ।’’
ਜੈਸ਼ੰਕਰ ਨੇ ਕਿਹਾ ਕਿ ਜੀ-20 ਦੀ ਸਫਲਤਾ ਅਮਰੀਕਾ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਉਨ੍ਹਾਂ ਕਿਹਾ, ‘‘ਜਦੋਂ ਚੀਜ਼ਾਂ ਚੰਗੀਆਂ ਹੁੰਦੀਆਂ ਹਨ, ਤਾਂ ਮੇਜ਼ਬਾਨ ਨੂੰ ਹਮੇਸ਼ਾ ਇਸ ਦਾ ਸਿਹਰਾ ਮਿਲਦਾ ਹੈ। ਇਹ ਜਾਇਜ਼ ਵੀ ਹੈ, ਪਰ ਇਹ ਸੰਭਵ ਨਾ ਹੁੰਦਾ ਜੇਕਰ ਸਾਰੇ ਜੀ-20 ਮੈਂਬਰ ਦੇਸ਼ ਇਸ ਸਮਾਗਮ ਦੀ ਸਫਲਤਾ ਲਈ ਕੰਮ ਨਾ ਕਰਦੇ।’’
ਜੈਸ਼ੰਕਰ ਨੇ ਭਾਰਤੀ-ਅਮਰੀਕੀਆਂ ਦੀਆਂ ਤਾੜੀਆਂ ਦੀ ਗਰਜ ਦੇ ਵਿਚਕਾਰ ਕਿਹਾ, ‘‘ਮੈਂ ਅੱਜ ਇਸ ਦੇਸ਼ ’ਚ ਹਾਂ, ਖਾਸ ਤੌਰ ’ਤੇ ਇਸ ਲਈ ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਜੀ-20 ਨੂੰ ਸਫਲ ਬਣਾਉਣ ਲਈ ਜੋ ਯੋਗਦਾਨ, ਜੋ ਸਹਿਯੋਗ ਅਤੇ ਸਮਝ ਸਾਨੂੰ ਅਮਰੀਕਾ ਮਿਲੀ, ਉਸ ਦੀ ਮੈਂ ਵਾਸ਼ਿੰਗਟਨ ਡੀ.ਸੀ. ’ਚ ਜਨਤਕ ਤੌਰ ’ਤੇ ਤਾਰੀਫ਼ ਕਰਨੀ ਚਾਹੁੰਦਾ ਹਾਂ।’’
ਜੈਸ਼ੰਕਰ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਨੇ ਦੁਵੱਲੇ ਸਬੰਧਾਂ ਨੂੰ ਬਣਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ, ‘‘ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸੇ ਬੁਨਿਆਦ ਦੇ ਸਹਾਰੇ ਅਸੀਂ ਅੱਗੇ ਵੇਖ ਰਹੇ ਹਾਂ... ਦਿਸਹੱਦੇ ’ਤੇ ਨਵੀਂ ਉਮੀਦ ਵੇਖ ਰਹੇ ਹਾਂ... ਇਸ ਲਈ, ਮੈਨੂੰ ਲਗਦਾ ਹੈ ਕਿ ਜਦੋਂ ਅਸੀਂ ਦਿਸਹੱਦੇ ਨੂੰ ਵੇਖਦੇ ਹਾਂ, ਤਾਂ ਸਾਨੂੰ ਉੱਥੇ ਅਸਲ ’ਚ ਸ਼ਾਨਦਾਰ ਸੰਭਾਵਨਾਵਾਂ ਦਿਸਦੀਆਂ ਹਨ ਅਤੇ ਇਹ ਭਾਈਚਾਰਾ ਹੀ ਹੈ ਜੋ ਇਨ੍ਹਾਂ ਨੂੰ ਸੰਭਵ ਬਣਾਉਂਦਾ ਹੈ।’’ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਪਹਿਲਾਂ ਦੇ ਭਾਰਤ ਨਾਲੋਂ ਵੱਖਰਾ ਹੈ।